
ਗੁਰਜੀਤ ਔਜਲਾ ਵੀ ਪੱਤਰ ਲਿਖ ਕੇ ਕਰ ਚੁੱਕੇ ਨੇ ਅਪੀਲ
ਚੰਡੀਗੜ੍ਹ : ਰੂਸ-ਯੂਕਰੇਨ ਸੰਕਟ ਵਧਦਾ ਜਾ ਰਿਹਾ ਹੈ ਤੇ ਲੀਡਰ ਪੀਐੱਮ ਮੋਦੀ ਨੂੰ ਅਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਉੱਥੇ ਫਸੇ ਪੰਜਾਬੀਆਂ ਤੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕਰ ਰਹੇ ਹਨ। ਗੁਰਜੀਤ ਔਜਲਾ ਤੋਂ ਬਾਅਦ ਅੱਜ ਮੁੱਖ ਮੰਤਰੀ ਚੰਨੀ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ ਤੇ ਯੂਕਰੇਨ ਵਿਚ ਫਸੇ ਪੰਜਾਬੀਆਂ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਜੰਗ ਪ੍ਰਭਾਵਿਤ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਤਹਿਤ ਸ਼ਨੀਵਾਰ ਨੂੰ ਏਅਰ ਇੰਡੀਆ ਦੇ ਦੋ ਜਹਾਜ਼ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੋਮਾਨੀਆ ਭੇਜੇ ਜਾਣਗੇ, ਜਿੱਥੋਂ ਉਹ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣਗੇ। ਯੂਕਰੇਨ ਦੇ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਉਸ ਦੇ ਗੁਆਂਢੀ ਦੇਸ਼ਾਂ ਨਾਲ ਸੰਪਰਕ ਵਿਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਜ਼ਿਕਰ ਕੀਤਾ ਸੀ।