
ਪਾਕਿਸਤਾਨ ਐਲਓਸੀ 'ਤੇ ਮਾਡਲ ਪਿੰਡ ਵਸਾਉਣ ਦੀ ਤਿਆਰੀ 'ਚ, ਚੀਨ ਦੀ ਕਰ ਰਿਹਾ ਰੀਸ
ਇਸਲਾਮਾਬਾਦ, 24 ਫ਼ਰਵਰੀ : ਚੀਨ ਤੇ ਪਾਕਿਸਤਾਨ ਇਕੋਨਾਮਿਕ ਕਾਰੀਡੋਰ ਪ੍ਰਾਜੈਕਟ ਤਹਿਤ ਹਰ ਤਰ੍ਹਾਂ ਦੀਆਂ ਮੌਸਮੀ ਸਥਿਤੀਆਂ 'ਚ ਇਕ-ਦੂਜੇ ਦੀਆਂ ਲੋੜਾਂ ਪੂਰੀਆਂ ਕਰਨ 'ਚ ਲੱਗੇ ਹੋਏ ਹਨ | ਜਾਣਕਾਰੀ ਮੁਤਾਬਕ ਚੀਨ ਦੀ ਰੀਸ ਕਰਦਾ ਹੋਇਆ ਪਾਕਿਸਤਾਨ ਵੀ ਚੀਨ ਦੀ ਮਦਦ ਨਾਲ ਐੱਲ. ਓ. ਸੀ. ਨੇੜੇ ਮਾਡਲ ਪਿੰਡ ਵਸਾਉਣ ਦੀ ਤਿਆਰੀ ਕਰ ਰਿਹਾ ਹੈ | ਰਿਪੋਰਟ ਮੁਤਾਬਕ ਪਿਛਲੇ ਸਾਲ ਨਵੰਬਰ ਤੋਂ 25-30 ਪੀ. ਐੱਲ. ਏ. ਫ਼ੌਜੀ ਗਿਲਗਿਤ-ਬਾਲਟਿਸਤਾਨ ਦੇ ਚੀਲੁਮ ਪਿੰਡ ਵਿਚ ਟਿਕੇ ਹੋਏ ਹਨ, ਜਿੱਥੇ ਇਹ ਘੋਰੀਕੋਟ ਤੋਂ ਚਿਲੁਮ ਅਤੇ ਗੁਲਟਾਰੀ ਤੋਂ ਸੈਗਰ ਤਕ ਜਾਣ ਵਾਲੀ ਅਸਟਰੋ ਵੈਲੀ ਰੋਡ ਦੇ ਵਿਕਾਸ ਦਾ ਕੰਮ ਕਰ ਰਹੇ ਸਨ, ਜੋ ਕਿ ਪਿਛਲੇ ਸਾਲ ਹੀ ਪੂਰਾ ਹੋਇਆ ਹੈ | ਇਸ ਤੋਂ ਇਲਾਵਾ ਇੰਟੈਲੀਜੈਂਸ ਇਨਪੁਟ ਮੁਤਾਬਕ ਪੀ. ਓ. ਕੇ. ਦੇ ਨੀਲਮ ਵੈਲੀ ਰੋਡ ਨੇੜੇ ਲਗਭਗ 80 ਤੋਂ 100 ਚੀਨੀ ਇੰਜੀਨੀਅਰ ਤੇ ਕਰਮਚਾਰੀ ਪਾਕਿ ਫ਼ੌਜ ਦੇ ਕੈਂਪ ਵਿਚ ਮੌਜੂਦ ਹਨ |
ਭਾਰਤ ਤੋਂ ਵਗਦੀ ਹੋਈ ਕਿਸ਼ਨਗੰਗਾ ਨਦੀ ਪਾਕਿਸਤਾਨ ਵੱਲ ਜਾਂਦੀ ਹੈ ਜਿਸ ਨੂੰ ਉਥੇ ਨੀਲਮ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ | ਇਸ ਨਦੀ ਦੇ ਕੰਢੇ 'ਤੇ ਪੀ. ਓ. ਕੇ. ਵਿਚ ਨੀਲਮ ਵੈਲੀ ਰੋਡ ਲੰਘਦੀ ਹੈ | ਇਸ ਇਲਾਕੇ ਵਿਚ ਕਈ ਥਾਵਾਂ 'ਤੇ ਐੱਲ.ਓ. ਸੀ. ਇਸੇ ਨਦੀ ਦੇ ਕੰਢਿਓਾ ਹੋ ਕੇ ਲੰਘਦੀ ਹੈ | ਅਸਲ 'ਚ ਚੀਨ ਨੇ ਪੂਰੀ ਐੱਲ. ਏ. ਸੀ. ਦੇ ਲਾਗਲੇ ਇਲਾਕਿਆਂ ਵਿਚ ਸੈਂਕੜੇ ਮਾਡਲ ਪਿੰਡ ਤਿਆਰ ਕੀਤੇ ਹਨ ਜਿਨ੍ਹਾਂ ਦੀ ਵਰਤੋਂ ਸਮਾਂ ਆਉਣ 'ਤੇ ਉਹ ਆਪਣੀ ਫ਼ੌਜ ਨੂੰ ਠਹਿਰਾਉਣ ਲਈ ਕਰੇਗਾ | ਚੀਨ ਆਪਣੇ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀ.ਆਰ.ਆਈ.) ਪ੍ਰਾਜੈਕਟ 'ਤੇ ਗਿਲਗਿਤ-ਬਾਲਟਿਸਤਾਨ ਵਿਚ ਪਾਣੀ ਵਾਂਗ ਪੈਸਾ ਵਹਾ ਰਿਹਾ ਹੈ | ਇਸੇ ਦਾ ਫ਼ਾਇਦਾ ਉਠਾ ਕੇ ਪਾਕਿਸਤਾਨ ਵੀ ਫ਼ੌਜ ਸਬੰਧੀ ਆਪਣੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ |
ਇਕੋਨਾਮਿਕ ਕਾਰੀਡੋਰ ਪ੍ਰਾਜੈਕਟ ਦੇ ਆਉਣ ਦੇ ਬਾਅਦ ਤੋਂ ਹੀ ਚੀਨ ਦਾ ਫ਼ੋਕਸ ਗਿਲਗਿਤ-ਬਾਲਟਿਸਤਾਨ 'ਤੇ ਵਧ ਗਿਆ ਹੈ | ਉਹ ਡੈਮ, ਹਾਈਡ੍ਰੋ ਪਾਵਰ ਪਲਾਂਟ, ਏਅਰਪੋਰਟ ਤੇ ਸੜਕਾਂ ਦਾ ਜਾਲ ਵਿਛਾ ਰਿਹਾ ਹੈ | ਹੁਣ ਤਾਂ ਪਾਕਿਸਤਾਨੀ ਫ਼ੌਜ ਦੇ ਕੈਂਪਾਂ ਵਿਚ ਕੰਮ ਕਰਨ ਵਾਲੇ ਇੰਜੀਨੀਅਰ ਪਾਕਿਸਤਾਨੀ ਨਹੀਂ, ਸਗੋਂ ਚੀਨੀ ਹਨ | ਖ਼ੁਫ਼ੀਆ ਰਿਪੋਰਟ ਮੁਤਾਬਕ ਨਾਰਥ ਕਸ਼ਮੀਰ ਦੇ ਦੂਜੇ ਭਾਰਤੀ ਇਲਾਕੇ ਵਿਚ ਵਗਦੀ ਕਿਸ਼ਨਗੰਗਾ ਨਦੀ ਨੇੜੇ ਪੀ. ਓ. ਕੇ. 'ਚ ਚੀਨੀ ਇੰਜੀਨੀਅਰਾਂ ਤੇ ਮੁਲਾਜ਼ਮਾਂ ਦੀ ਗਿਣਤੀ ਵਧੀ ਹੈ | ਰਿਪੋਰਟ ਮੁਤਾਬਕ ਜਨਵਰੀ ਦੇ ਪਹਿਲੇ ਹਫਤੇ ਤੋਂ ਇਸ ਦੀ ਮੌਜੂਦਗੀ ਵੇਖੀ ਗਈ ਹੈ ਅਤੇ ਬੜੀ ਤੇਜ਼ੀ ਨਾਲ ਕੰਮ ਨੂੰ ਪੂਰਾ ਕੀਤਾ ਜਾ ਰਿਹਾ ਹੈ | ਪੀ. ਓ. ਕੇ. 'ਚ ਐੱਲ. ਓ. ਸੀ. ਨੇੜੇ ਮਾਡਲ ਪਿੰਡ ਵਸਾਉਣ ਦੀਆਂ ਤਿਆਰੀਆਂ 'ਚ ਚੀਨ ਉਨ੍ਹਾਂ ਦੀ ਮਦਦ ਕਰ ਰਿਹਾ ਹੈ | ਇਹ ਭੀੜ ਉਸੇ ਕਾਰਨ ਵੇਖੀ ਜਾ ਰਹੀ ਹੈ | (ਏਜੰਸੀ)