
ਸਰਹੱਦੀ ਖੇਤਰਾਂ ਵਿਚ ਹਾਈ ਅਲਰਟ ਜਾਰੀ ਕਰਨ ਦੇ ਹੁਕਮ ਦਿਤੇ ਗਏ ਹਨ
ਭਾਰਤੀ ਖੁਫ਼ੀਆ ਏਜੰਸੀਆਂ ਵਲੋਂ ਭਾਰਤੀ ਫ਼ੌਜਾਂ, ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਨੂੰ ਜਾਰੀ ਖ਼ੁਫ਼ੀਆ ਰੀਪੋਰਟਾਂ ਅਨੁਸਾਰ ਸਰਹੱਦੀ ਖੇਤਰਾਂ ਵਿਚ ਹਾਈ ਅਲਰਟ ਜਾਰੀ ਕਰਨ ਦੇ ਹੁਕਮ ਦਿਤੇ ਗਏ ਹਨ। ਰੀਪੋਰਟਾਂ ਅਨੁਸਾਰ ਅਨੰਤਨਾਗ (ਸ੍ਰੀਨਗਰ) ਖੇਤਰ ਰਾਹੀਂ 3 ਤੋਂ 5 ਸ਼ੱਕੀ ਅਤਿਵਾਦੀ ਭਾਰਤੀ ਖੇਤਰ ਵਿਚ ਦਾਖ਼ਲ ਹੋ ਚੁੱਕੇ ਹਨ। ਖ਼ੁਫ਼ੀਆ ਏਜੰਸੀਆਂ ਦੇ ਰੀਪੋਰਟ ਅਨੁਸਾਰ ਸ਼ੱਕੀ ਅਤਿਵਾਦੀਆਂ ਜਿਨ੍ਹਾਂ ਦਾ ਮੁੱਖ ਨਿਸ਼ਾਨਾ ਏਅਰਬੇਸ, ਆਰਮੀ ਕੈਂਪਾਂ ਤੇ ਅਰਧ ਸੈਨਿਕ ਕੈਂਪਾਂ 'ਤੇ ਅਤਿਵਾਦੀ ਹਮਲੇ ਕਰਨਾ ਹੈ। ਖ਼ੁਫ਼ੀਆ ਏਜੰਸੀਆਂ ਦੀਆਂ ਰੀਪੋਰਟਾਂ ਤੋਂ ਬਾਅਦ ਭਾਰਤੀ ਫ਼ੌਜ, ਸੀਮਾ ਸੁਰੱਖਿਆ ਬੱਲ ਅਤੇ ਜੰਮੂ ਕਸ਼ਮੀਰ ਤੇ ਪੰਜਾਬ ਰਾਜ ਦੀਆਂ ਪੁਲਿਸ ਫ਼ੋਰਸਾਂ ਨੇ ਹਾਈ ਅਲਰਟ ਜਾਰੀ ਕੀਤਾ ਹੈ। ਇਸੇ ਰੀਪੋਰਟ ਤੋਂ ਬਾਅਦ ਬਟਾਲਾ ਪੁਲਿਸ ਨੇ ਅਪਣੇ 31 ਕਿਲੋਮੀਟਰ ਸਰਹੱਦੀ ਖੇਤਰ ਵਿਚ ਸੈਕਿੰਡ ਬਾਰਡਰ ਡਿਫੈਂਸ ਲਾਈਨ 'ਤੇ ਪੂਰੀ ਤਰ੍ਹਾਂ ਨਾਕਾਬੰਦੀ ਕਰ ਲਈ ਹੈ।
Terrorist Attack
ਖ਼ੁਫ਼ੀਆਂ ਏਜੰਸੀਆਂ ਦੇ ਨਾਲ ਨਾਲ ਆਰਮੀ ਫ਼ੌਜਾਂ , ਸੀਮਾ ਸੁਰੱਖਿਆ ਬੱਲ ਅਤੇ ਪੰਜਾਬ ਪੁਲਿਸ ਵਲੋਂ ਸਖ਼ਤ ਸੁਰੱਖਿਆ ਵਧਾ ਦਿਤੀ ਹੈ। ਐਸ ਪੀ ਦੀਪਕ ਰਾਏ ਡੇਰਾ ਬਾਬਾ ਨਾਨਕ ਵਲੋਂ ਸੈਕਿੰਡ ਬਾਰਡਰ ਡਿਫੈਂਸ ਲਾਈਨ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸੂਤਰਾਂ ਅਨੁਸਾਰ 31 ਕਿਲੋਮੀਟਰ ਸਰਹੱਦੀ ਖੇਤਰ ਦੀ ਸੈਕਿੰਡ ਬਾਰਡਰ ਡਿਫੈਂਸ ਲਾਈਨ 'ਤੇ ਪੁਲਿਸ ਵਲੋਂ ਵਿਸ਼ੇਸ਼ ਨਾਕੇ ਲਾਏ ਹਨ। ਜਿਥੇ ਹਰ ਨਾਕੇ 'ਤੇ 7-7 ਪੁਲਿਸ ਕਰਮਚਾਰੀ ਜਿਨ੍ਹਾਂ ਨੂੰ ਐੱਸ. ਐੱਲ.ਆਰ ਤੇ ਭਾਰੀ ਗੋਲੀ ਸਿੱਕਾ ਮੁਹੱਈਆ ਕਰਵਾਇਆ ਗਿਆ ਹੈ। ਇਸ ਨਾਲ ਹੀ 31 ਕਿਲੋਮੀਟਰ ਏਰੀਆ ਵਿਚ 3 ਬੂਲਟ ਪਰੂਫ਼ ਟਰੈਕਟਰ ਵੀ ਗਸ਼ਤ ਕਰ ਰਹੇ ਹਨ। ਇਸ ਸਬੰਧੀ ਡੇਰਾ ਬਾਬਾ ਨਾਨਕ ਦੇ ਡੀ. ਐਸ.ਪੀ. ਦੀਪਕ ਰਾਏ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੈਕਿੰਗ ਆਮ ਦੀ ਤਰ੍ਹਾਂ ਹੋ ਰਹੀ ਹੈ, ਜਦ ਵੀ ਖ਼ੁਫ਼ੀਆ ਏਜੰਸੀਆਂ ਵਲੋਂ ਕੋਈ ਇਤਲਾਹ ਮਿਲਦੀ ਹੈ ਤਾਂ ਪੁਲਿਸ ਪਹਿਰਾ ਹੋਰ ਸਖ਼ਤ ਕੀਤਾ ਜਾਂਦਾ ਹੈ।