
ਰਾਜ ਸਭਾ ਲਈ 'ਆਪ' ਦੇ 5 ਮੈਂਬਰ ਨਿਰਵਿਰੋਧ ਚੁਣੇ ਗਏ
ਪੰਜਾਬ ਦੇ ਹਿੱਸੇ ਦੀਆਂ 7 ਸੀਟਾਂ 'ਤੇ 'ਆਪ' ਦਾ ਕਬਜ਼ਾ ਤੈਅ, ਬਾਕੀ 2 ਜੁਲਾਈ 'ਚ ਹੱਥ ਆਉਣਗੀਆਂ
ਚੰਡੀਗੜ੍ਹ, 24 ਮਾਰਚ (ਜੀ.ਸੀ. ਭਾਰਦਵਾਜ): ਪੰਜਾਬ ਵਿਧਾਨ ਸਭਾ ਦੀਆਂ ਕੁਲ 117 ਸੀਟਾਂ ਵਿਚ 92 ਜਿੱਤ ਕੇ 'ਆਪ' ਪਾਰਟੀ ਨੇ ਜਿਥੇ ਤਿੰਨ ਚੁਥਾਈ ਬਹੁਮਤ ਨਾਲ ਸਰਕਾਰ ਬਣਾ ਕੇ ਅਪਣੀ ਧਾਕ ਜਮਾਈ ਹੈ, ਉਥੇ ਇਸ ਪਾਰਟੀ ਨੇ ਰਾਜ ਸਭਾ ਦੀਆਂ ਪੰਜਾਬ ਦੇ ਹਿੱਸੇ ਦੀਆਂ ਸਾਰੀਆਂ 7 ਸੀਟਾਂ ਜਿੱਤ ਕੇ ਇਸ ਉਪਰਲੇ ਸਦਨ ਵਿਚ ਪੰਜਵੀਂ ਵੱਡੀ ਪਾਰਟੀ ਬਣਨ ਦਾ ਦਰਜਾ ਪ੍ਰਾਪਤ ਕਰ ਲਿਆ ਹੈ | ਪੰਜ ਸੀਟਾਂ ਅਪ੍ਰੈਲ ਅਤੇ 2 ਸੀਟਾਂ ਜੁਲਾਈ ਮਹੀਨੇ ਜਿੱਤੀਆਂ ਜਾਣਗੀਆਂ |
ਅੱਜ ਸ਼ਾਮ 'ਆਪ' ਦੇ 5 ਉਮੀਦਵਾਰਾਂ, ਰਾਘਵ ਚੱਢਾ, ਹਰਭਜਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ ਨੂੰ ਬਿਨਾਂ ਮੁਕਾਬਲਾ ਨਿਰਵਿਰੋਧ ਚੁਣੇ ਜਾਣ ਦਾ ਐਲਾਨ ਪੰਜਾਬ ਵਿਧਾਨ ਸਭਾ ਦੇ ਸਕੱਤਰ ਯਾਨੀ ਰਿਟਰਨਿੰਗ ਅਧਿਕਾਰੀ ਸ. ਸੁਰਿੰਦਰਪਾਲ ਸਿੰਘ ਵਲੋਂ ਕੀਤਾ ਗਿਆ | ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਨਾ ਰਾਜੂ ਨੂੰ ਇਸ ਮਹੱਤਵਪੂਰਨ ਚੋਣ ਦਾ ਓਬਜ਼ਰਵਰ ਤੈਨਾਤ ਕੀਤਾ ਗਿਆ ਸੀ | ਸ. ਸੁਰਿੰਦਰਪਾਲ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਵਿਰੋਧੀ ਧਿਰ ਕਾਂਗਰਸ, ਅਕਾਲੀ ਦਲ, ਬੀਜੇਪੀ ਅਤੇ ਹੋਰ ਸੱਭ ਗਰੁਪ ਮਿਲ ਕੇ ਕੁਲ 25 ਵਿਧਾਇਕਾਂ ਵਾਲੇ ਗੁੱਟ ਨੇ ਕੋਈ ਵੀ ਉਮੀਦਵਾਰ ਇਸ ਚੋਣ ਲਈ ਖੜਾ ਨਹੀਂ ਕੀਤਾ ਸੀ ਅਤੇ ਅੱਜ ਨਾਮ ਵਾਪਸੀ ਦੀ ਆਖ਼ਰੀ ਤਰੀਕ ਮੌਕੇ 'ਆਪ' ਦੇ ਇਨ੍ਹਾਂ 5 ਮੈਂਬਰਾਂ ਨੂੰ ਜਿੱਤ ਕੇ ਸਰਟੀਫ਼ੀਕੇਟ ਜਾਰੀ ਕਰ ਦਿਤੇ ਗਏ | ਉਨ੍ਹਾਂ ਦਸਿਆ ਕਿ ਇਹ ਨਵੇਂ ਬਣੇ ਮੈਂਬਰ, ਰਾਜ ਸਭਾ ਲਈ 9 ਅਪ੍ਰੈਲ ਤੋਂ ਬਾਅਦ ਸਹੁੰ ਚੁਕਣਗੇ | ਜਦੋਂ ਪੰਜਾਬ ਤੋਂ 6 ਸਾਲ ਪਹਿਲਾਂ ਭੇਜੇ ਮੈਂਬਰ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ, ਸ਼ੋ੍ਰਮਣੀ ਅਕਾਲੀ ਦਲ ਤੋਂ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜ਼ਰਾਲ ਅਤੇ ਬੀਜੇਪੀ ਤੋਂ ਸ਼ਵੇਤ ਮਲਿਕ ਬਕਾਇਦਾ ਸੇਵਾ ਮੁਕਤ ਹੋਣਗੇ |
ਸ. ਸੁਰਿੰਦਰਪਾਲ ਸਿੰਘ ਨੇ ਦਸਿਆ ਬਾਕੀ 2 ਸੀਟਾਂ ਜੁਲਾਈ ਵਿਚ ਭਰੀਆਂ ਜਾਣਗੀਆਂ ਜਦੋਂ ਕਾਂਗਰਸ ਤੋਂ ਅੰਬਿਕਾ ਸੋਨੀ ਅਤੇ ਅਕਾਲੀ ਮੈਂਬਰ ਬਲਵਿੰਦਰ ਸਿੰਘ ਭੂੰਦੜ 6 ਸਾਲ ਦੀ ਮਿਆਦ
ਪੂਰੀ ਕਰ ਕੇ ਸੇਵਾ ਮੁਕਤ ਹੋਣਗੇ | ਰਾਜ ਸਭਾ ਸੀਟਾਂ ਲਈ ਚੋਣਾਂ ਵਾਸਤੇ ਇਕ ਸੂਬੇ ਦੀ ਵਿਧਾਨ ਸਭਾ ਦੇ ਵਿਧਾਇਕ ਹੀ ਸੈਟ ਫ਼ਾਰਮੂਲੇ ਤਹਿਤ ਵੋਟ ਪਾਉਂਦੇ ਹਨ ਜਿਸ ਵਿਚ ਪਹਿਲੀ ਤੇ ਦੂਜੀ ਪ੍ਰੈਫ਼ਰੈਂਸ ਹੁੰਦੀ ਹੈ | ਰਾਜ ਸਭਾ ਲਈ 1 ਮੈਂਬਰ ਨੂੰ ਜਿਤਾਉਣ ਲਈ 30 ਵਿਧਾਇਕਾਂ ਦੀ ਪਹਿਲੀ ਤਰਜੀਹ ਦੀ ਲੋੜ ਹੁੰਦੀ ਹੈ ਜੋ 25 ਵਿਧਾਇਕਾਂ ਵਾਲੀ ਵਿਰੋਧੀ ਗਰੁਪ ਕੋਲ ਨਹੀਂ ਹੈ | ਕੁਲ 243 ਮੈਂਬਰੀ ਰਾਜ ਸਭਾ ਵਿਚ ਤੀਜਾ ਹਿੱਸਾ ਮੈਂਬਰ, ਅਪਣੀ 6 ਸਾਲ ਦੀ ਮਿਆਦ ਪੂਰੀ ਕਰ ਕੇ, ਸੇਵਾ ਮੁਕਤ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਖ਼ਾਲੀ ਹੋਈਆਂ ਸੀਟਾਂ 'ਤੇ ਚੋਣ ਹਰ 2-2 ਸਾਲ ਬਾਅਦ ਹੁੁੰਦੀ ਹੈ ਪਰ ਪੰਜਾਬ ਵਿਚ ਇਕੱਠੀ 6 ਸਾਲ ਬਾਅਦ ਵਾਲੀ ਪ੍ਰਕਿਰਿਆ 1986 ਤੋਂ ਅਤਿਵਾਦ ਵੇਲੇ ਸ਼ੁਰੂ ਹੋਈ ਸੀ | ਇਸ ਗ਼ੈਰ ਸੰਵਿਧਾਨਕ ਪ੍ਰਕਿਰਿਆ ਵਿਰੁਧ ਦਰਜ ਕੇਸ, ਸੁਪਰੀਮ ਕੋਰਟ ਵਿਚ ਆਖ਼ਰੀ ਫ਼ੈਸਲੇ ਦੇ ਐਲਾਨ ਲਈ ਨਿਲੰਬਤ ਪਿਆ ਹੈ |
ਦਸਣਾ ਬਣਦਾ ਹੈ ਕਿ ਪੰਜਾਬ ਵਿਚੋਂ ਸਾਰੀਆਂ 7 ਸੀਟਾਂ 'ਤੇ ਇਕੱਠੇ ਚੋਣ, ਇਸ ਤੋਂ ਪਹਿਲਾਂ 2016, 2010, 2004, 1998 ਤੋਂ 1992 ਵਿਚ ਹੋਈ ਸੀ | ਪਿਛਲੀ ਕਾਂਗਰਸ ਵਾਲੀ ਬਹੁਮਤ ਸਰਕਾਰ 2017-2022 ਵੇਲੇ ਰਾਜ ਸਭਾ ਲਈ ਕੋਈ ਚੋਣ ਨਹੀਂ ਹੋਈ ਸੀ | ਬੀਜੇਪੀ, ਕਾਂਗਰਸ, ਤਿ੍ਣਾਮੂਲ ਕਾਂਗਰਸ, ਸ਼ਰਦ ਪਵਾਰ ਵਾਲੀ ਨੈਸ਼ਨਲਿਸਟ ਕਾਂਗਰਸ ਤੋਂ ਬਾਅਦ ਹੁਣ 'ਆਪ' 10 ਸੀਟਾਂ ਨਾਲ ਪੰਜਵੀਂ ਵੱਡੀ ਪਾਰਟੀ ਦੇ ਤੌਰ 'ਤੇ ਰਾਜ ਸਭਾ ਵਿਚ ਉਭਰ ਕੇ ਆਏਗੀ |
ਫ਼ੋਟੋ: ਰਾਘਵ ਚੱਢਾ, ਹਰਭਜਨ, ਸੰਦੀਪ ਪਾਠਕ, ਸੰਜੀਵ ਅਰੋੜਾ, ਅਸ਼ੋਕ ਮਿੱਤਲ