
ਦਫ਼ਤਰਾਂ ਵਿਚ ਭਗਤ ਸਿੰਘ ਤੇ ਅੰਬੇਦਕਰ ਦੀਆਂ ਫ਼ੋਟੋਆਂ ਦੀ ਆਲੋਚਨਾ
ਨਵੀਂ ਦਿੱਲੀ, 24 ਮਾਰਚ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਅਪਣੇ ਸੰਬੋਧਨ ਦੌਰਾਨ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ ਹੈ | ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਨੇ ਕਿ ਅਸੀਂ ਸੱਭ ਤੋਂ ਵੱਡੀ ਪਾਰਟੀ ਹਾਂ ਫਿਰ ਉਹ ਛੋਟੀ ਪਾਰਟੀ ਕੋਲੋਂ ਕਿਉਂ ਡਰ ਗਏ? ਕੇਜਰੀਵਾਲ ਨੇ ਅਪਣੇ ਸੰਬੋਧਨ ਵਿਚ ਕਿਹਾ, 'ਕਲ ਸ਼ਹੀਦੀ ਦਿਵਸ 'ਤੇ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਹਾਲਾਂਕਿ ਅਸੀਂ ਸਾਰੇ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਦੇ ਹਾਂ ਪਰ ਅਸੀਂ ਇਨ੍ਹਾਂ ਵਿਚੋਂ ਦੋ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਸਾਰੇ ਸਰਕਾਰੀ ਦਫ਼ਤਰਾਂ ਵਿਚ ਲਗਾਉਣ ਦਾ ਫ਼ੈਸਲਾ ਕੀਤਾ ਹੈ | ਜਦੋਂ ਤੋਂ ਅਸੀਂ ਇਹ ਐਲਾਨ ਕੀਤਾ ਹੈ, ਉਦੋਂ ਤੋਂ ਬਹੁਤ ਆਲੋਚਨਾ ਹੋ ਰਹੀ ਹੈ | ਭਾਜਪਾ ਪੁੱਛ ਰਹੀ ਹੈ ਕਿ ਸਾਵਰਕਰ ਅਤੇ ਹੇਡਗੇਵਾਰ ਦੀ ਤਸਵੀਰ ਕਿਉਂ ਨਹੀਂ ਲਗਾਈ? ਅਸੀਂ ਕਿਹਾ ਤੁਸੀਂ ਲਗਾ ਲਉ |' ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਵਾਲੇ ਕਹਿ ਰਹੇ ਹਨ ਕਿ ਇੰਦਰਾ ਗਾਂਧੀ ਅਤੇ ਸੋਨੀਆ ਗਾਂਧੀ ਕਿਉਂ ਨਹੀਂ? ਅਸੀਂ ਕਿਹਾ ਕਿ ਤੁਸੀਂ ਲਗਾ ਲਉ | ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾਇਆ ਸੀ, ਅਸੀਂ ਉਨ੍ਹਾਂ ਦੇ ਸੁਪਨੇ ਪੂਰੇ ਕਰ ਰਹੇ ਹਾਂ | (ਏਜੰਸੀ)