
ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਵੀਂ ਸਰਕਾਰ ਤੋਂ ਲੋਕਾਂ ਨੂੰ ਹਨ ਬਹੁਤ ਉਮੀਦਾਂ
ਕੋਟਕਪੂਰਾ (ਗੁਰਿੰਦਰ ਸਿੰਘ) : ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਨਸ਼ਿਆਂ ਦੇ ਮੁੱਦੇ ’ਤੇ ਇਕ -ਦੂਜੇ ਨੂੰ ਘੇਰਿਆ, ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਦੁੱਧ ਧੋਤੇ ਹਾਂ, ਨਸ਼ੇ ਤਾਂ ਦੂਜੇ ਵਿਕਾਉਂਦੇ ਹਨ ਪਰ ਅਸਲ ਸੱਚ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਸੂਬੇ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਪਣੀ ਜ਼ਿੰਮੇਵਾਰੀ ਨਹੀਂ ਸਮਝੀ ਤੇ ਨਸ਼ਿਆਂ ਦੇ ਖ਼ਾਤਮੇ ਲਈ ਯੋਗ ਉਪਰਾਲਾ ਨਹੀਂ ਕੀਤਾ। ਹੁਣ ਤਕ ਨਸ਼ਿਆਂ ’ਤੇ ਸਿਰਫ ਸਿਆਸਤ ਹੀ ਹੋਈ ਹੈ। ਜਦੋਂ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਹਜ਼ਾਰਾਂ ਮੌਤਾਂ ਨਸ਼ਿਆਂ ਨਾਲ ਹੋਈਆਂ ਹਨ ਤੇ ਘਰ-ਘਰ ਸੱਥਰ ਵਿਛੇ ਹਨ।
ਨਸ਼ਿਆਂ ਨੇ ਲੱਖਾਂ ਘਰਾਂ ਨੂੰ ਬਰਬਾਦ ਕਰ ਦਿਤਾ ਹੈ ਤੇ ਅਨੇਕਾਂ ਘਰਾਂ ਨੂੰ ਜਿੰਦਰੇ ਲਵਾ ਦਿਤੇ ਹਨ, ਅਰਥਾਤ ਹਸਦੇ ਵਸਦੇ ਘਰਾਂ ਦੇ ਚੁੱਲੇ੍ਹ ਠੰਡੇ ਹੋ ਗਏ ਹਨ ਤੇ ਉਨ੍ਹਾਂ ਚੁੱਲ੍ਹਿਆਂ ਵਿਚ ਘਾਅ ਉਘ ਆਇਆ। ਹੁਣ ਸੱਤਾ ਤਬਦੀਲੀ ਤੋਂ ਬਾਅਦ ਨਵੀਂ ਬਣੀ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁਧ ਲਗਾਮ ਖਿੱਚਣ ਦੇ ਦਾਅਵਿਆਂ, ਵਾਅਦਿਆਂ ਅਤੇ ਉਪਰਾਲਿਆਂ ਤੋਂ ਕੁਝ ਆਸ ਬੱਝੀ ਹੈ ਕਿ ਸ਼ਾਇਦ ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦੀ ਚੇਨ ਟੁੱਟ ਜਾਵੇ।
ਨਸ਼ੇ ਦਾ ਰੁਝਾਨ ਸਭ ਪਾਸੇ ਵਧਿਆ :- ਨਸ਼ੇ ਦਾ ਰੁਝਾਨ ਸਭ ਪਾਸੇ ਐਨਾ ਵੱਧ ਗਿਆ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਹਾ ਨਹੀਂ, ਜਿੱਥੇ ਨਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਹਰ ਖੇਤਰ ’ਚ ਨਸ਼ਿਆਂ ਕਾਰਨ ਅਨੇਕਾਂ ਮੌਤਾਂ ਹੋਈਆਂ ਹਨ, ਜਿਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਹੈ। ਨਸ਼ੇ ਭਾਵੇਂ ਹਰ ਉਮਰ ਵਰਗ ਦੇ ਵਿਅਕਤੀ ਕਰ ਰਹੇ ਹਨ ਪਰ ਨੌਜਵਾਨ ਪੀੜ੍ਹੀ ’ਚ ਇਹ ਰੁਝਾਨ ਸਭ ਤੋਂ ਵੱਧ ਹੈ। ਫਿਕਰ ਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦੀ ਓਵਰਡੋਜ਼ ਲੈਣ ਵਾਲੀਆਂ ਨੌਜਵਾਨ ਕੁੜੀਆਂ ਦੀ ਵੀ ਮੌਤ ਹੋਣ ਲੱਗੀ ਹੈ, ਜਿਸ ਲਈ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਹਨ।
Drug
ਸ਼ਰਾਬ ਨੂੰ ਕਈ ਲੋਕ ਨਸ਼ਾ ਹੀ ਨਹੀਂ ਗਿਣਦੇ, ਜਦੋਂ ਕਿ ਸ਼ਰਾਬ ਪੀਣ ਨਾਲ ਪੰਜਾਬ ’ਚ ਹਜ਼ਾਰਾਂ ਮੌਤਾਂ ਹੋਈਆਂ ਹਨ ਤੇ ਮਨੁੱਖੀ ਸਿਹਤ ਲਈ ਸ਼ਰਾਬ ਬੇਹੱਦ ਖ਼ਤਰਨਾਕ ਹੈ। ਪਿਛਲੇ ਸਮੇਂ ਵਿਚ ਸਿਰਫ ਮਾਝਾ ਖੇਤਰ ਵਿਚ ਹੀ 130 ਮੌਤਾਂ ਸ਼ਰਾਬ ਦੀ ਨਾਜਾਇਜ਼ ਫੈਕਟਰੀ ਵਿਚ ਬਣੀ ਸ਼ਰਾਬ ਕਾਰਨ ਹੋਈਆਂ।
ਨਸ਼ਿਆਂ ’ਤੇ ਸਿਆਸਤ : ਨਸ਼ਿਆਂ ’ਤੇ ਰਾਜਨੀਤੀ ਹੁੰਦੀ ਰਹੀ ਹੈ ਪਰ ਨਸ਼ਾ ਕਿਤੇ ਵੀ ਘਟਿਆ ਨਹੀਂ, ਸਗੋਂ ਪਹਿਲਾਂ ਨਾਲੋਂ ਜ਼ਿਆਦਾ ਹੀ ਵਧਦਾ ਗਿਆ, ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਅਸਲ ਵਿਚ ਨਸ਼ਿਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਦੁੱਖ ਉਨ੍ਹਾਂ ਮਾਵਾਂ ਨੂੰ ਹੈ, ਜਿਨ੍ਹਾਂ ਦੇ ਪੁੱਤ ਨਸ਼ਿਆਂ ’ਚ ਰੁੜ੍ਹ ਗਏ।
Drug
ਜੇਕਰ ਸਿਆਸੀ ਨੇਤਾ ਨਸ਼ੇ ਵੇਚਣ ਵਾਲਿਆਂ ਦਾ ਪੱਖ ਨਾ ਪੂਰਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਤਾਂ ਨਸ਼ਿਆਂ ਦੇ ਰੁਝਾਨ ਨੂੰ ਕੁਝ ਹੱਦ ਤਕ ਠੱਲ੍ਹ ਪੈ ਸਕਦੀ ਹੈ। ਇਕੱਲੇ ‘ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ’ ਦਾ ਨਾਹਰਾ ਲਾ ਕੇ ਸਮਾਜ ਨੂੰ ਸੁਧਾਰਿਆ ਨਹੀਂ ਜਾ ਸਕਦਾ ਅਤੇ ਸਰਕਾਰਾਂ ਨੂੰ ਅਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਦੂਜੇ ਪਾਸੇ ਜੇਕਰ ਪੁਲਿਸ ਅਤੇ ਕਾਨੂੰਨ ਦਾ ਡੰਡਾ ਨਸ਼ਿਆਂ ਵਾਲੇ ਪਾਸੇ ਸਖ਼ਤ ਕੀਤਾ ਜਾਵੇ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕਦੀ ਹੈ।
Drug
ਰੋਜ਼ਾਨਾ ਲੱਖਾਂ ਰੁਪਏ ਦਾ ਨਸ਼ਾ ਵਿਕਦਾ ਹੈ : ਸੂਬੇ ਵਿਚ ਇਕ ਨਜ਼ਰ ਮਾਰੀਏ ਤਾਂ ਰੋਜ਼ਾਨਾ ਲੱਖਾਂ/ਕਰੋੜਾਂ ਰੁਪਏ ਦਾ ਨਸ਼ਾ ਲੋਕ ਕਰ ਰਹੇ ਹਨ ਅਤੇ ਅਨੇਕਾਂ ਘਰਾਂ ਦੀ ਹਾਲਤ ਨਸ਼ਿਆਂ ਕਰ ਕੇ ਕੰਗਾਲਾਂ ਵਾਲੀ ਬਣ ਚੁਕੀ ਹੈ। ਨਸ਼ਿਆਂ ਕਾਰਨ ਵੱਡੀ ਪੱਧਰ ’ਤੇ ਆਰਥਕ ਸੱਟ ਵੱਜੀ ਹੈ। ਨਸ਼ਿਆਂ ਨੇ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਖੇਤੀ ਸੰਦ, ਘਰਾਂ ਦਾ ਸਾਮਾਨ ਅਤੇ ਇੱਥੋਂ ਤੱਕ ਕਿ ਕਈਆਂ ਦੇ ਘਰ ਵੀ ਵਿਕ ਗਏ। ਕਿਸਾਨੀ ਘਰਾਂ ਨਾਲ ਜੁੜੇ ਮੁੰਡੇ ਨਸ਼ਿਆਂ ਦੀ ਪੂਰਤੀ ਲਈ ਦਿਹਾੜੀਆਂ ਕਰ ਰਹੇ ਹਨ। ਕਈ ਨੌਜਵਾਨ ਨਸ਼ੇ ਦੀ ਪੂਰਤੀ ਲਈ ਲੁੱਟਾਂ, ਖੋਹਾਂ, ਚੋਰੀਆਂ ਅਤੇ ਡਾਕੇ ਮਾਰ ਰਹੇ ਹਨ। ਰੋਜਾਨਾ ਬਜੁਰਗ ਮਾਪਿਆਂ ਵਲੋਂ ਆਪਣੇ ਇਕਲੌਤੇ ਪੁੱਤਰ ਦਾ ਕਤਲ ਜਾਂ ਇਕਲੋਤੇ ਨਸ਼ੇੜੀ ਪੁੱਤਰ ਵਲੋਂ ਬਜੁਰਗ ਮਾਂ-ਪਿਉ ਜਾਂ ਵੱਡੇ ਭਰਾ ਦੇ ਕਤਲ ਦੀਆਂ ਖਬਰਾਂ ਹਿਰਦਾ ਵਲੂੰਧਰ ਕੇ ਰੱਖ ਦਿੰਦੀਆਂ ਹਨ।
Drugs
ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ : ਭਾਵੇਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ ਸੂਬੇ ਦੇ ਕਈ ਸਰਕਾਰੀ ਹਸਪਤਾਲਾਂ ’ਚ ਆਰਜ਼ੀ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਤਾਂ ਬਣਵਾਏ ਸਨ ਪਰ ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਕੇਂਦਰਾਂ ’ਚੋਂ ਜ਼ਿਆਦਾਤਰ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਡਾਕਟਰਾਂ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰਾਂ ਵਿਚ ਹੋਰ ਸਟਾਫ਼ ਅਤੇ ਅਮਲੇ ਫੈਲੇ ਦੀ ਵੀ ਘਾਟ ਹੈ। ਦਵਾਈਆਂ ਵੀ ਲੋੜ ਅਨੁਸਾਰ ਨਹੀਂ ਮਿਲਦੀਆਂ। ਸਹੀ ਇਲਾਜ ਨਾ ਹੋਣ ਕਰ ਕੇ ਸਰਕਾਰੀ ਹਸਪਤਾਲਾਂ ਦੇ ਨਸ਼ਾ ਛੁਡਾਊ ਕੇਂਦਰ ਖ਼ਾਲੀ ਪਏ ਰਹਿੰਦੇ ਹਨ।
Death
ਲੋਕ ਖ਼ੁਦ ਹੋਣ ਜਾਗਰੂਕ : ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕ ਖ਼ੁਦ ਜਾਗਰੂਕ ਹੋਣ ਅਤੇ ਇਕੱਠੇ ਹੋ ਕੇ ਯੋਗ ਉਪਰਾਲੇ ਕਰਨ, ਕਿਉਂਕਿ ਨਸ਼ਿਆਂ ਦਾ ਰੁਝਾਨ ਬੇਹੱਦ ਮਾੜਾ ਹੈ ਅਤੇ ਇਸ ਦੇ ਖ਼ਾਤਮੇ ਲਈ ਇਕੱਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਨਾ। ਜੇਕਰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਪਨੇ ਪੂਰੇ ਕਰਨੇ ਹਨ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਸਭ ਵਰਗਾਂ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਬੀੜਾ ਚੁੱਕਣ ਦੀ ਤੁਰਤ ਲੋੜ ਹੈ।
ਬੇਰੁਜ਼ਗਾਰੀ ਨੇ ਨਸ਼ਿਆਂ ’ਚ ਕੀਤਾ ਵਾਧਾ : ਨੌਜਵਾਨਾਂ ’ਚ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਬੇਹੱਦ ਚਿੰਤਾਜਨਕ ਹੈ ਅਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਨਿਸ਼ਾਨੀ ਹੈ। ਨੌਜਵਾਨ ਵਰਗ ਰੁਜ਼ਗਾਰ ਦੇ ਵਸੀਲਿਆਂ ਦੀ ਅਣਹੋਂਦ ਕਾਰਨ ਵਿਹਲ ਤੋਂ ਅੱਕਿਆ ਤੇ ਭਵਿੱਖ ਪ੍ਰਤੀ ਨਿਰਾਸ਼ ਹੈ। ਜਿਸ ਕਾਰਨ ਨਸ਼ਿਆਂ ਦੀ ਗੋਦ ’ਚ ਬੈਠ ਕੇ ਅਪਣੇ ਆਪ ਨੂੰ ਭੁੱਲਣਾ ਚਾਹੁੰਦਾ ਹੈ। ਨਸ਼ਿਆਂ ਦੇ ਆਦੀ ਹੋਏ ਨੌਜਵਾਨ ਅਪਰਾਧਾਂ ਦੀ ਦੁਨੀਆਂ ’ਚ ਧਸਣ ਲੱਗ ਪਏ ਹਨ।