
‘ਦਿ ਕਸ਼ਮੀਰ ਫ਼ਾਈਲਜ਼’ ਫ਼ਿਲਮ ’ਤੇ ਪੰਜਾਬ ’ਚੋਂ ਪਾਬੰਦੀ ਦੀ ਮੰਗ ਉਠੀ
ਚੰਡੀਗੜ੍ਹ, 24 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਫ਼ਿਲਮ ‘ਦੀ ਕਸ਼ਮੀਰ ਫ਼ਾਈਲਜ਼’ ਉਪਰ ਪਾਬੰਦੀ ਲਾਉਣ ਦੀ ਮੰਗ ਉੁਠਣ ਲੱਗੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਯੂ.ਟੀ. ਪ੍ਰਸ਼ਾਸਨ ਨੇ ਇਸ ਫ਼ਿਲਮ ਦਾ ਟੈਕਸ ਮਾਫ਼ ਕੀਤਾ ਹੈ ਅਤੇ ਪਿਛਲੇ ਦਿਨੀਂ ਪੰਜਾਬ ਰਾਜ ਭਵਨ ਵਿਚ ਵੀ ਰਾਜਪਾਲ ਦੀ ਪ੍ਰਵਾਨਗੀ ਨਾਲ ਇਹ ਫ਼ਿਲਮ ਦਿਖਾਈ ਜਾ ਚੁੱਕ ਹੈ। ਪੰਜਾਬ ਰਾਜ ਭਵਨ ਵਿਚ ਇਹ ਫ਼ਿਲਮ ਦਿਖਾਉਣ ਉਪਰ ਕਾਂਗਰਸ ਨੇ ਵੀ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਧਰ ਸੋਸ਼ਲ ਥਿੰਕਰਜ਼ ਫ਼ੋਰਮ ਪੰਜਾਬ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖ ਕੇ ਇਸ ਫ਼ਿਲਮ ਉਪਰ ਪੰਜਾਬ ਵਿਚ ਤੁਰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ‘ਦੀ ਕਸ਼ਮੀਰ ਫ਼ਾਈਲਜ਼’ ਫ਼ਿਲਮ ਉਸ ਸਮੇਂ ਵਾਪਰੀਆਂ ਘਟਨਾਵਾਂ ਦੇ ਤੱਥਾਂ ਨੂੰ ਤਰੋੜ ਮਰੋੜ ਕੇ ਬਣਾਈ ਗਈ ਹੈ। ਇਸ ਨਾਲ ਲੋਕਾਂ ਵਿਚ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਫ਼ੋਰਮ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਆੜ ਵਿਚ ਆਰ.ਐਸ.ਐਸ. ਵਲੋਂ ਫ਼ਿਰਕੂ ਜ਼ਹਿਰ ਬੜੀ ਤੇਜ਼ੀ ਨਾਲ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਆਮ ਕਸ਼ਮੀਰੀ ਮੁਸਲਮਾਨਾਂ ਨੇ ਕਸ਼ਮੀਰੀ ਪੰਡਤਾਂ ਦੇ ਘਰਾਂ ਉਪਰ ਹਮਲੇ ਕਰ ਕੇ ਉਨ੍ਹਾਂ ਨੂੰ ਉਥੋਂ ਭਜਾਇਆ। ਪੱਤਰ ਵਿਚ ਫ਼ੋਰਮ ਨੇ ਅੱਗੇ ਲਿਖਿਆ ਹੈ ਕਿ ਸਚਾਈ ਇਹ ਹੈ ਕਿ ਇਹ ਸਾਰਾ ਕੰਮ ਅਤਿਵਾਦੀਆਂ ਨੇ ਕੀਤਾ ਸੀ ਅਤੇ ਉਸ ਸਮੇਂ ਦੌਰਾਨ ਵੀ ਕੇਂਦਰ ਵਿਚ ਵੀ.ਪੀ. ਸਿੰਘ ਦੀ ਸਰਕਾਰ ਸੀ ਜਿਸ ਨੂੰ ਭਾਜਪਾ ਦੀ ਹਮਾਇਤ ਹਾਸਲ ਸੀ। ਉਸ ਵੇਲੇ ਦੇ ਗਵਰਨਰ ਜਗਮੋਹਨ ਨੇ ਕਸ਼ਮੀਰੀ ਪੰਡਤਾਂ ਨੂੰ ਸੁਰੱਖਿਆ ਤੇ ਹੌਂਸਲਾ ਦੇਣ ਦੀ ਥਾਂ ਉਥੋਂ ਨਿਕਲ ਜਾਣ ਲਈ ਉਤਸ਼ਾਹਤ ਕੀਤਾ ਤੇ ਖ਼ੁਦ ਸਾਧਨ ਮੁਹਈਆ ਕਰਵਾਏ। ਫ਼ਿਲਮ ਵਿਚ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਆਮ ਮੁਸਲਮਾਨਾਂ ਨੇ ਕਸ਼ਮੀਰੀ ਪੰਡਤਾਂ ’ਤੇ ਅੰਨ੍ਹੇਵਾਹ ਹਮਲੇ ਕੀਤੇ ਜਦਕਿ ਉਸ ਸਮੇਂ ਵੱਡੀ ਗਿਣਤੀ ਵਿਚ ਮੁਸਲਮਾਨ ਵੀ ਅਤਿਵਾਦੀਆਂ ਹੱਥੋਂ ਮਾਰੇ ਗਏ ਅਤੇ ਹੋਰ ਵਰਗਾਂ ਦੇ ਲੋਕ ਵੀ ਸਨ। ਫ਼ੋਰਮ ਨੇ ਕਿਹਾ ਕਿ ਇਹ ਫ਼ਿਲਮ ਫ਼ਿਰਕੂ ਜ਼ਹਿਰ ਫੈਲਾ ਰਹੀ ਹੈ ਅਤੇ ਇਸ ਨੂੰ ਦੇਖ ਕੇ 1930ਵਾਂ ਦੀ ਜਰਮਨੀ ਦੀ ਯਾਦ ਆਉਂਦੀ ਹੈ ਜਦੋਂ ਹਿਟਲਰ ਵਲੋਂ ਫ਼ਿਰਕੂ ਜ਼ਹਿਰ ਫੈਲਾਇਆ ਗਿਆ ਅਤੇ ਇਸ ਦਾ ਨਤੀਜਾ ਇਕ ਲੱਖ ਯਹੂਦੀਆਂ ਅਤੇ ਹੋਰ ਦੇਸ਼ ਭਗਤ ਲੋਕਾਂ ਦੇ ਕਤਲੇਆਮ ਵਜੋਂ ਨਿਕਲਿਆ। ਫ਼ੋਰਮ ਨੇ ਇਸ ਫ਼ਿਲਮ ਉਪਰ ਪੰਜਾਬ ਸਰਕਾਰ ਤੋਂ ਪਾਬੰਦੀ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਫ਼ੋਰਮ ਵਲੋਂ ਪ੍ਰੋ. ਜਗਮੋਹਨ ਸਿੰਘ, ਡਾ. ਅਰੁਨ ਮਿੱਤਰਾ, ਡਾ. ਮੋਨਿਕਾ ਧਵਨ, ਡਾ. ਗੁਰਵਿੰਦਰ ਸਿੰਘ ਆਦਿ ਦੇ ਦਸਤਖਤ ਹਨ।