
ਪੇਸ਼ਾਵਰ ਵਿਚ ਸਿੱਖਾਂ ਨੂੰ ਛੇਤੀ ਮਿਲੇਗਾ ਪਹਿਲਾ ਪਬਲਿਕ ਸਕੂਲ, 90 ਫ਼ੀ ਸਦੀ ਕੰਮ ਹੋ ਚੁੱਕੈ ਪੂਰਾ
ਪੇਸ਼ਾਵਰ, 24 ਮਾਰਚ : ਪਾਕਿਸਤਾਨ ’ਚ ਪੇਸ਼ਾਵਰ ਦੇ ਪੁਰਾਣੇ ਸ਼ਹਿਰ ਜੋਗਲ ਮੁਹੱਲਾ ’ਚ ਸਿੱਖਾਂ ਵਲੋਂ ਜ਼ਮੀਨ ਦੇ ਜਿਸ ਟੁਕੜੇ ਨੂੰ ਖ਼ਰੀਦ ਕੇ ਸਿੱਖਾਂ ਦੇ ਬੱਚਿਆਂ ਲਈ ਪਬਲਿਕ ਸਕੂਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ, ਉਸ ਦਾ ਕੰਮ ਹੁਣ ਛੇਤੀ ਪੂਰਾ ਹੋਣ ਵਾਲਾ ਹੈ। ਪਾਕਿਸਤਾਨ ’ਚ ਇਹ ਪਹਿਲਾ ਸਿੱਖਾਂ ਦਾ ਸਰਕਾਰੀ ਸਕੂਲ ਹੋਵੇਗਾ। ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਬਾਹਰ ਰਹਿਣ ਵਾਲੀ ਇਕ ਸਿੱਖ ਔਰਤ ਨੇ 20 ਲੱਖ ਰੁਪਏ ਦਾ ਦਾਨ ਸਕੂਲ ਨਿਰਮਾਣ ਲਈ ਦਿਤਾ ਜਿਸ ਨਾਲ ਪੇਸ਼ਾਵਰ ਦੇ ਸਿੱਖਾਂ ਸਮੇਤ ਹੋਰ ਗ਼ੈਰ-ਮੁਸਲਿਮ ਬੱਚਿਆਂ ਲਈ ਸਕੂਲ ਸ਼ੁਰੂ ਕਰਨ ਲਈ 8 ਮਰਲੇ ਜ਼ਮੀਨ ਖ਼ਰੀਦ ਕੀਤੀ ਗਈ। ਬਾਅਦ ’ਚ ਖ਼ੈਬਰ-ਪਖ਼ਤੂਨਖ਼ਵਾ ਸਰਕਾਰ ਨੇ ਸਕੂਲ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ। ਇਹ ਪੂਰੇ ਪਾਕਿਸਤਾਨ ’ਚ ਪਹਿਲਾ ਪ੍ਰੋਜੈਕਟ ਹੋਵੇਗਾ, ਜਿਥੇ ਸਿੱਖਾਂ ਸਮੇਤ ਹੋਰ ਗ਼ੈਰ-ਮੁਸਲਿਮ ਬੱਚਿਆਂ ਨੂੰ ਵਧੀਆ ਵਾਤਾਵਰਣ ’ਚ ਸਿਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। (ਏਜੰਸੀ)