
ਸੌਦਾ ਸਾਧ ਦੀਆਂ ਵਧੀਆਂ ਮੁਸ਼ਕਿਲਾਂ
ਫ਼ਰੀਦਕੋਟ : ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਸੌਦਾ ਸਾਧ ਨੂੰ ਬੇਅਦਬੀ ਸਬੰਧੀ ਦਰਜ ਐੱਫ. ਆਈ. ਆਰ. ਨੰਬਰ 128 ਅਤੇ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਸਬੰਧੀ ਦਰਜ ਮੁਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਡੇਰਾ ਮੁਖੀ ਨੂੰ ਐੱਸ. ਆਈ. ਟੀ. ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਮਾਮਲੇ ਸਬੰਧੀ ਦਰਜ ਐੱਫ. ਆਈ. ਆਰ. ਨੰਬਰ 63 ਵਿਚ ਪਹਿਲਾਂ ਹੀ ਨਾਮਜ਼ਦ ਕਰ ਚੁੱਕੀ ਹੈ। ਉਧਰ ਫਰੀਦਕੋਟ ਅਦਾਲਤ ਵਲੋਂ ਡੇਰਾ ਮੁਖੀ ਨੂੰ 4 ਮਈ 2022 ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
Sauda Sadh
ਇਸ ਮਾਮਲੇ ਵਿਚ ਸੱਤ ਡੇਰਾ ਪ੍ਰੇਮੀਆਂ ਖ਼ਿਲਾਫ਼ ਵਿਸ਼ੇਸ਼ ਜਾਂਚ ਟੀਮ ਪਹਿਲਾਂ ਹੀ ਚਲਾਨ ਪੇਸ਼ ਕਰ ਚੁੱਕੀ ਹੈ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦੀ ਸਾਜ਼ਿਸ਼ ਰਚਣ ਵਿੱਚ ਸੌਦਾ ਸਾਧ ਵੀ ਸ਼ਾਮਲ ਹੈ, ਜੋ ਇਸ ਸਮੇਂ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਦੱਸ ਦੇਈਏ ਕਿ ਵਿਸ਼ੇਸ਼ ਜਾਂਚ ਟੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਨੂੰ ਚੋਰੀ ਕਰਨ ਦੇ ਮਾਮਲੇ ਵਿੱਚ ਡੇਰਾ ਮੁਖੀ ਨੂੰ ਪਹਿਲਾਂ ਹੀ ਮੁੱਖ ਦੋਸ਼ੀ ਵਜੋਂ ਨਾਮਜ਼ਦ ਕਰ ਚੁੱਕੀ ਹੈ।
Sauda Sadh
ਜੁਡੀਸ਼ਲ ਮੈਜਿਸਟ੍ਰੇਟ ਮੈਡਮ ਤਰਜਨੀ ਨੇ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੂੰ ਲਿਖਤੀ ਹਦਾਇਤ ਕੀਤੀ ਹੈ ਕਿ ਡੇਰਾ ਮੁਖੀ ਨੂੰ 4 ਮਈ ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਹਾਲਾਂਕਿ ਜਾਂਚ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੌਦਾ ਸਾਧ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਜਦੋਂ ਕਿ ਜਾਂਚ ਟੀਮ ਡੇਰਾ ਮੁਖੀ ਤੋਂ ਸੁਨਾਰੀਆ ਜੇਲ੍ਹ ਜਾ ਕੇ ਉੱਚ ਪੱਧਰੀ ਪੁੱਛਗਿਛ ਕਰ ਚੁੱਕੀ ਹੈ।