
ਬੀਤੇ ਦਿਨੀਂ ਮੋਗਾ ਦੇ ਖੇਤਾਂ ਚੋਂ ਮਿਲੀ ਸੀ ਤਲਾਕਸ਼ੁਦਾ ਔਰਤ ਦੀ ਲਾਸ਼
ਮੋਗਾ : ਮੋਗਾ ਪੁਲਿਸ ਨੇ ਬੀਤੀ 21 ਮਾਰਚ ਨੂੰ ਪਿੰਡ ਜੈਮਲਵਾਲਾ ਕੋਲੋਂ ਸੜਕ ਕਿਨਾਰੇ ਮਿਲੀ ਕਰਮਜੀਤ ਕੌਰ ਉਰਫ ਗੋਮਾ ਦੀ ਲਾਸ਼ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੋਂ ਬਾਅਦ ਉਸ ਦੇ ਕਥਿਤ ਪ੍ਰੇਮੀ ਸਾਬਕਾ ਸਰਪੰਚ ਪਰਉਪਰਕਾਰ ਉਰਫ ਸੋਨੀ ਅਤੇ ਉਸ ਦੋਸਤ ਜਸਪਾਲ ਸਿੰਘ ਉਰਫ ਜੱਸਾ ਦੋਵੇਂ ਵਾਸੀ ਪਿੰਡ ਕੋਰੇਵਾਲਾ ਖੁਰਦ ਨੂੰ ਕਾਬੂ ਕਰਕੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵਰਤੀ ਗਈ ਕਾਰ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਏ ਹਨ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐੱਸ. ਪੀ. ਆਈ ਅਜੇ ਰਾਜ ਸਿੰਘ ਨੇ ਦੱਸਿਆ ਕਿ ਬੀਤੀ 21 ਮਾਰਚ ਨੂੰ ਬਾਘਾ ਪੁਰਾਣਾ ਪੁਲਿਸ ਕੋਲ ਕਿਸੇ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਜੈਮਲਵਾਲਾ ਦੇ ਕੋਲ ਸੜਕ ਕਿਨਾਰੇ ਇਕ ਨੌਜਵਾਨ ਲੜਕੀ ਦੀ ਲਾਸ਼ ਪਈ ਹੈ, ਜਿਸ ’ਤੇ ਥਾਣਾ ਮੁਖੀ ਜਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਇਸ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਇਲਾਵਾ ਡੀ. ਐੱਸ. ਪੀ. ਬਾਘਾ ਪੁਰਾਣਾ ਨੂੰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ, ਜਿਸ ਦੀ ਪਛਾਣ ਕਰਮਜੀਤ ਕੌਰ ਉਰਫ ਗੋਮਾ ਦੇ ਤੌਰ ’ਤੇ ਉਸ ਦੀ ਮਾਤਾ ਰਾਣੀ ਨਿਵਾਸੀ ਪਿੰਡ ਬਣਾਂਵਾਲੀ (ਰਾਜਸਥਾਨ) ਹਾਲ ਸੰਤ ਨਗਰ ਮੋਗਾ ਵੱਲੋਂ ਕੀਤੀ ਗਈ।
ਐੱਸ. ਪੀ. ਆਈ ਅਜੇ ਰਾਜ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਜੇ ਏਲਨਚੇਲੀਅਨ ਵੱਲੋਂ ਇਕ ਟੀਮ ਡੀ. ਐੱਸ. ਪੀ. ਬਾਘਾ ਪੁਰਾਣਾ ਜਸਯਜੋਤ ਸਿੰਘ, ਥਾਣਾ ਮੁਖੀ ਜਤਿੰਦਰ ਸਿੰਘ ਆਦਿ ’ਤੇ ਅਧਾਰਿਤ ਗਠਿਤ ਕੀਤੀ ਗਈ। ਜਾਂਚ ਸਮੇਂ ਪਤਾ ਲੱਗਾ ਕਿ ਕਰਮਜੀਤ ਕੌਰ ਉਰਫ ਗੋਮਾ ਜਿਸ ਦਾ ਵਿਆਹ 2015 ਵਿਚ ਗੁਰਮੀਤ ਸਿੰਘ ਨਿਵਾਸੀ ਕੋਟਕਪੂਰਾ ਨਾਲ ਹੋਇਆ ਸੀ ਅਤੇ ਇਸ ਦੇ ਇਕ ਬੇਟੀ ਹੈ। ਗੋਮਾ ਮੋਗਾ ਦੇ 9 ਨਿਊ ਟਾਊਨ ਵਿਚ ਸਥਿਤ ਇਕ ਬਿਊਟੀ ਪਾਰਲਰ ਵਿਚ ਕੰਮ ਕਰਦੀ ਸੀ।
ਮ੍ਰਿਤਕਾ ਦੀ ਮਾਤਾ ਰਾਣੀ ਦੇ ਦੱਸਣ ਅਨੁਸਾਰ ਉਸਦੀ ਬੇਟੀ ਆਪਣੀ ਬੱਚੀ ਸਮੇਤ ਮੇਰੇ ਕੋਲ ਪਤੀ ਨਾਲ ਤਲਾਕ ਹੋਣ ਤੋਂ ਬਾਅਦ ਮੇਰੇ ਕੋਲ ਰਹਿ ਰਹੀ ਸੀ ਅਤੇ 20 ਮਾਰਚ ਨੂੰ ਆਪਣੀ ਐਕਟਿਵਾ ਸਕੂਟਰੀ ’ਤੇ ਇਹ ਕਹਿ ਕੇ ਗਈ ਕਿ ਮੈਂ ਕੰਮ ਜਾ ਰਹੀ ਹਾਂ, ਪਰ ਵਾਪਸ ਨਹੀਂ ਆਈ। ਜਦੋਂ ਪੁਲਿਸ ਵੱਲੋਂ ਸਖ਼ਤੀ ਨਾਲ ਰਾਣੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸਦੀ ਬੇਟੀ ਦੇ ਪਰਉਪਕਾਰ ਉਰਫ ਸੋਨੀ ਨਿਵਾਸੀ ਪਿੰਡ ਕੋਰੇਵਾਲਾ ਖੁਰਦ ਨਾਲ ਕਥਿਤ ਪ੍ਰੇਮ ਸਬੰਧ ਹਨ ਅਤੇ ਉਹ ਅਕਸਰ ਹੀ ਸਾਡੇ ਘਰ ਆਉਂਦਾ ਜਾਂਦਾ ਸੀ।
20 ਮਾਰਚ ਨੂੰ ਵੀ ਮੇਰੀ ਬੇਟੀ ਮੈਂਨੂੰ ਦੱਸ ਕੇ ਗਈ ਸੀ ਕਿ ਉਹ ਆਪਣੇ ਦੋਸਤ ਪਰਉਪਕਾਰ ਨਾਲ ਘੁੰਮਣ ਜਾ ਰਹੀ ਹੈ, ਜਿਸ ਉਪਰੰਤ ਪੁਲਸ ਨੇ ਪਿੰਡ ਕੋਰੇਵਾਲਾ ਦੇ ਸਾਬਕਾ ਸਰਪੰਚ ਪਰਉਪਕਾਰ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਤਾਂ ਉਸਨੇ ਦੱਸਿਆ ਕਿ ਉਸ ਦੀ ਕਰਮਜੀਤ ਕੌਰ ਗੋਮਾ ਨਾਲ ਦੋਸਤੀ ਸੀ ਅਤੇ ਉਹ 20 ਮਾਰਚ ਨੂੰ ਆਪਣੀ ਸਕੂਟਰੀ ਬੱਸ ਅੱਡੇ ’ਤੇ ਖੜ੍ਹੀ ਕਰ ਕੇ ਮੇਰੀ ਕਾਰ ਰਾਹੀਂ ਸਾਡੇ ਘਰ ਆਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਸਾਡਾ ਤਕਰਾਰ ਹੋ ਗਿਆ, ਜਿਸ ’ਤੇ ਮੈਂ ਕੰਬਲ ਨਾਲ ਉਸਦਾ ਮੂੰਹ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਮੈਂ ਆਪਣੇ ਦੋਸਤ ਜਸਪਾਲ ਸਿੰਘ ਉਰਫ ਜੱਸਾ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਗੱਡੀ ਵਿਚ ਪਾ ਕੇ ਪਿੰਡ ਜੈਮਲਵਾਲਾ ਕੋਲ ਸੜਕ ਕਿਨਾਰੇ ਸੁੱਟ ਦਿੱਤਾ।
ਪੁਲਸ ਨੇ ਉਕਤ ਮਾਮਲੇ ਵਿਚ ਜਸਪਾਲ ਸਿੰਘ ਉਰਫ ਜੱਸਾ ਨੂੰ ਵੀ ਹਿਰਾਸਤ ਵਿਚ ਲੈ ਲਿਆ। ਐੱਸ.ਪੀ.ਆਈ ਨੇ ਦੱਸਿਆ ਕਿ ਇਸ ਤਰ੍ਹਾਂ ਪੁਲਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਮ੍ਰਿਤਕਾ ਦੇ ਕਥਿਤ ਪ੍ਰੇਮੀ ਪਿੰਡ ਕੋਰੇਵਾਲਾ ਦੇ ਸਾਬਕਾ ਸਰਪੰਚ ਪਰਉਪਕਾਰ ਸਿੰਘ ਉਰਫ ਸੋਨੀ ਅਤੇ ਉਸਦੇ ਦੋਸਤ ਜਸਪਾਲ ਸਿੰਘ ਉਰਫ ਜੱਸਾ ਨੂੰ ਹਿਰਾਸਤ ਵਿਚ ਲੈਣ ਦੇ ਬਾਅਦ ਕਰਮਜੀਤ ਕੌਰ ਉਰਫ ਗੋਮਾ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵਰਤੀ ਗਈ ਕਾਰ ਅਤੇ ਸਾਰਿਆਂ ਦੇ ਮੋਬਾਇਲ ਫੋਨ ਵੀ ਪੁਲਿਸ ਨੇ ਕਬਜ਼ੇ ਵਿਚ ਲੈ ਲਏ।