ਪਿਉ ਵੀ ਜਖਮੀ, ਇਲਾਜ ਲਈ ਭੇਜਿਆ ਹਸਪਤਾਲ
ਹੁਸ਼ਿਆਰਪੁਰ ’ਚ ਮੁਕੇਰੀਆਂ-ਤਲਵਾੜਾ ਸੜਕ ’ਤੇ ਇਕ ਪਰਿਵਾਰ ਟਰੱਕ ਦੀ ਲਪੇਟ ’ਚ ਆ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹੋਲੀ ਮੌਕੇ ਡੇਰਾ ਵਡਭਾਗ ’ਚ ਮੱਥਾ ਟੇਕ ਕੇ ਇਹ ਪਰਵਾਰ ਮੋਟਰਸਾਇਕਲ ’ਤੇ ਸਵਾਰ ਹੋ ਕੇ ਵਾਪਿਸ ਆ ਰਿਹਾ ਸੀ। ਮੰਦਭਾਗੇ ਹਾਦਸੇ ’ਚ ਮੋਟਰਸਾਇਕਲ ਸਵਾਰ ਇਕ ਔਰਤ ਅਤੇ ਉਸ ਦੀ 6 ਸਾਲ ਦੀ ਬੱਚੀ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਦਕਿ ਮੋਟਰਸਾਇਕਲ ਚਲਾ ਰਿਹਾ ਵਿਅਕਤੀ ਰਵੀ ਕੁਮਾਰ ਹਸਪਤਾਲ ’ਚ ਜ਼ੇਰੇ ਇਲਾਜ ਹੈ। ਮ੍ਰਿਤਕ ਔਰਤ ਦਾ ਨਾਂ ਮੁਸਕਾਨ ਅਤੇ ਬੱਚੀ ਦਾ ਨਾਂ ਹਰਮਨ ਹੈ। ਪੀੜਤ ਪਰਿਵਾਰ ਗੁਰਦਾਸਪੁਰ ਦੇ ਪਿੰਡ ਬੋਟਰ ਜੱਟਾਂ ਦਾ ਰਹਿਣ ਵਾਲਾ ਹੈ। ਇਸ ਹਾਦਸੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਦੋ ਮੋਟਰਸਾਇਕਲਾਂ ਵਿਚਕਾਰ ਟੱਕਰ ਹੋਈ ਸੀ। ਟੱਕਰ ਕਾਰਨ ਮੋਟਰਸਾਇਕਲ ਸਵਾਰ ਹੇਠਾਂ ਡਿੱਗ ਗਏ ਸਨ ਅਤੇ ਸਾਹਮਣੇ ਤੋਂ ਆ ਰਿਹਾ ਟਰੱਕ ਇਨ੍ਹਾਂ ’ਤੇ ਚੜ੍ਹ ਗਿਆ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।