
Punjab News : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸੁਚਾਰੂ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਲਈ ਈਆਰਵੀਜ਼ ਨੂੰ ਵੰਡੇ 165 ਸਮਾਰਟਫੋਨ
Punjab News in Punjabi : ਸੂਬੇ ਵਿੱਚ ਨਾਗਰਿਕਾਂ ਦੀ ਸੁਰੱਖਿਆ ਨੂੰ ਵਧਾਉਣ ਅਤੇ ਸਮੇਂ ਸਿਰ ਐਮਰਜੈਂਸੀ ਰਿਸਪਾਂਸ ਸੇਵਾਵਾਂ ’ਚ ਸੁਧਾਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਈਆਰਐਸਐਸ-112) ਤਹਿਤ ਐਮਰਜੈਂਸੀ ਰਿਸਪਾਂਸ ਵਾਹਨਾਂ (ਈਆਰਵੀਜ਼) ਨੂੰ 165 ਨਵੇਂ ਸਮਾਰਟਫੋਨ ਮੁਹੱਈਆ ਕਰਵਾਏ।
ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਇਸ ਪਹਿਲਕਦਮੀ ਦਾ ਉਦੇਸ਼ ਡਾਇਲ 112 ਹੈਲਪਲਾਈਨ - ਪਬਲਿਕ ਸੇਫਟੀ ਅੰਸਰਿੰਗ ਪੁਆਇੰਟ ਨੂੰ ਹੋਰ ਸੁਚਾਰੂ ਬਣਾਉਣਾ ਹੈ, ਜਿਸ ‘ਤੇ ਹੁਣ ਤੱਕ 2.34 ਕਰੋੜ ਤੋਂ ਵੱਧ ਫ਼ੋਨ ਕਾਲਾਂ ਸੁਣੀਆਂ ਗਈਆਂ ਹਨ ਅਤੇ ਲਗਭਗ 20.05 ਲੱਖ ਕੇਸ ਦਰਜ ਕੀਤੇ ਹਨ।
ਡਿਊਲ ਸਿਮ ਸਮਰੱਥਾਵਾਂ ਅਤੇ 5ਜੀ ਤਕਨਾਲੋਜੀ ਨਾਲ ਲੈਸ ਇਹ ਸਮਾਰਟਫੋਨ ਐਮਰਜੈਂਸੀ ਰਿਸਪਾਂਸ ਵਾਹਨਾਂ ਵਿੱਚ ਲਗਾਏ ਗਏ ਮੌਜੂਦਾ ਮੋਬਾਈਲ ਡੇਟਾ ਟਰਮੀਨਲਾਂ (ਐਮਡੀਟੀਜ਼) ਨਾਲ ਬੈਕਅੱਪ ਸੰਚਾਰ ਸਾਧਨ ਵਜੋਂ ਕੰਮ ਕਰਨਗੇ। ਦੱਸਣਯੋਗ ਹੈ ਕਿ ਸੂਬੇ ਵਿੱਚ 258 ਐਮਰਜੈਂਸੀ ਰਿਸਪਾਂਸ ਵਾਹਨ ਹਨ ਜਿਨ੍ਹਾਂ ਵਿੱਚ 241 ਚਾਰ-ਪਹੀਆ ਵਾਹਨ ਅਤੇ 17 ਦੋ-ਪਹੀਆ ਵਾਹਨ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 165 ਅਤਿ ਆਧੁਨਿਕ ਐਮਡੀਟੀਜ਼ ਅਤੇ ਨਵੇਂ ਵੰਡੇ ਸਮਾਰਟਫ਼ੋਨਾਂ ਨਾਲ ਲੈਸ ਹਨ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਵੇਲੇ ਹਰੇਕ ਈਆਰਵੀ ਵਿੱਚ ਐਮਡੀਟੀ ਲੱਗੇ ਹੋਏ ਹਨ ਅਤੇ ਹੁਣ ਡਿਊਲ-ਸਿਮ ਵਾਲੇ ਨਵੇਂ ਸਮਾਰਟਫੋਨ ਇੱਕ ਨੈੱਟਵਰਕ ਫੇਲ੍ਹ ਹੋਣ ਦੀ ਸੂਰਤ ਵਿੱਚ ਵੀ ਸੁਚਾਰੂ ਕਨੈਕਟੀਵਿਟੀ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਡਿਊਲ-ਡਿਵਾਈਸ ਸਿਸਟਮ ਤੋਂ ਈਆਰਵੀਜ਼ ਦਾ ਰਿਸਪਾਂਸ ਸਮਾਂ ਹੋਰ ਘੱਟ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਈਆਰਵੀਜ਼ ਨੂੰ ਮੌਕੇ 'ਤੇ ਪਹੁੰਚਣ ਵਿੱਚ ਲਗਭਗ 10 ਤੋਂ 25 ਮਿੰਟ ਲੱਗਦੇ ਹਨ।
ਉਨ੍ਹਾਂ ਨੇ ਈਆਰਐਸਐਸ -112 ਦੇ ਪਰਿਵਰਤਨਸ਼ੀਲ ਸੁਧਾਰਾਂ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਈਆਰਐਸਐਸ -112 ਸਦਕਾ ਪਹਿਲਾਂ ਹੀ ਸੰਚਾਰ ਚੈਨਲਾਂ ਨੂੰ ਚੈਟਬੋਟਸ, ਸੋਸ਼ਲ ਮੀਡੀਆ ਅਤੇ ਆਈਓਟੀ ਡਿਵਾਈਸਾਂ ਦੀ ਸਹੂਲਤ ਨਾਲ ਜੋੜਿਆ ਗਿਆ ਹੈ ਅਤੇ ਜਲਦ ਹੀ ਇਸਨੂੰ ਵਟਸਐਪ ਨਾਲ ਵੀ ਜੋੜਿਆ ਜਾ ਰਿਹਾ ਹੈ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਆਗਾਮੀ ਹੀਟ ਮੈਪ ਵਿਸ਼ੇਸ਼ਤਾ ਨਾਲ 1098, 101, 108, ਅਤੇ 181 ਸਮੇਤ ਮਹੱਤਵਪੂਰਨ ਹੈਲਪਲਾਈਨਾਂ ਨੂੰ ਇੱਕੋ ਪ੍ਰਣਾਲੀ ਵਿੱਚ ਜੋੜਨ ਨਾਲ ਅਪਰਾਧਾਂ ਦੇ ਹਾਟਸਪਾਟਸ ਦੀ ਪਛਾਣ ਕਰਨ ਅਤੇ ਉਹਨਾਂ ‘ਤੇ ਸਮੇਂ ਸਿਰ ਕਾਰਵਾਈ ਕਰਨ ਵਿੱਚ ਮਹੱਤਵਪੂਰਨ ਕ੍ਰਾਂਤੀ ਦੇਖਣ ਨੂੰ ਮਿਲੇਗੀ। ਉਹਨਾਂ ਅੱਗੇ ਦੱਸਿਆ ਕਿ ਹੀਟ ਮੈਪ ਸੂਬੇ ਭਰ ਵਿੱਚ ਅਪਰਾਧ ਦੇ ਹਾਟਸਪਾਟਸ ਨੂੰ ਲੁੱਟ-ਖਸੁੱਟ, ਡਕੈਤੀ ਅਤੇ ਹੋਰ ਵੱਡੇ ਅਪਰਾਧਾਂ ਸਮੇਤ ਘਟਨਾਵਾਂ ਦੀ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ ਯੋਗ ਬਣਾਏਗਾ, ਜਿਸ ਨਾਲ ਟਾਰਗੇਟਿਡ ਪੁਲਿਸਿੰਗ ਨੂੰ ਵਧੇਰੇ ਸਮਰੱਥ ਬਣਾਇਆ ਜਾ ਸਕੇਗਾ।
ਡਾਇਲ 112 ਪੀਐਸਏਪੀ ਨੂੰ ਪੰਜਾਬ ਦੇ ਐਮਰਜੈਂਸੀ ਰਿਸਪਾਂਸ ਸਿਸਟਮ ਦਾ ਮੁੱਖ ਕੇਂਦਰ ਦੱਸਦਿਆਂ, ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਰੋਜ਼ਾਨਾ ਲਗਭਗ 15,000 ਕਾਲਾਂ ਨੂੰ ਹੈਂਡਲ ਕਰਦੀ ਹੈ ਅਤੇ ਲਗਭਗ 1,500 ਕੇਸ ਦਰਜ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਈਆਰਐਸਐਸ ਅਧੀਨ ਵਾਹਨਾਂ ਦੇ ਫਲੀਟ ਦਾ ਵਿਸਥਾਰ ਕਰਨ ਲਈ ਹੋਰ ਈਆਰਵੀ ਖਰੀਦਣ ਦਾ ਪ੍ਰਸਤਾਵ ਵੀ ਰੱਖ ਰਹੀ ਹੈ ਤਾਂ ਜੋ ਸੂਬੇ ਭਰ ਵਿੱਚ ਕਵਰੇਜ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਅਤੇ ਨਾਗਰਿਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਵਾਲੇ ਵਾਹਨਾਂ ਦੇ ਰਿਸਪਾਂਸ ਸਮੇਂ ਨੂੰ ਹੋਰ ਘੱਟ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਈਆਰਵੀ 1080 ਪੀ ਰੈਜ਼ੋਲਿਊਸ਼ਨ ਵਾਲੇ ਡੈਸ਼ ਕੈਮਰੇ ਅਤੇ 256 ਜੀਬੀ ਮੈਮਰੀ ਕਾਰਡ, ਪੋਰਟੇਬਲ ਐਂਪਲੀਫਾਇਰ, ਅੱਗ ਬੁਝਾਉਣ ਵਾਲੇ ਯੰਤਰ ਅਤੇ ਜੀਪੀਐਸ ਸਿਸਟਮ ਨਾਲ ਲੈਸ ਹਨ। ਇਹ ਅਪਗ੍ਰੇਡੇਸ਼ਨ ਅਤੇ 2,100 ਪੁਲਿਸ ਕਰਮਚਾਰੀਆਂ ਨੂੰ ਐਮਡੀਟੀਜ਼ ਦੇ ਕੰਮਕਾਜ ਦੀ ਸਿਖਲਾਈ ਦੇਣਾ, ਜਨਤਕ ਸੁਰੱਖਿਆ ਲਈ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
(For more news apart from Punjab Police's emergency response vehicles upgraded with smartphones to reduce response time News in Punjabi, stay tuned to Rozana Spokesman)