
Manpreet Badal's father's health deteriorates
ਐਸ.ਏ.ਐਸ. ਨਗਰ, 25 ਅਪ੍ਰੈਲ (ਸੁਖਦੀਪ ਸਿੰਘ ਸੋਈਂ) : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ, ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ (88) ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੋਹਾਲੀ ਦੇ ਫ਼ੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਆਈ.ਸੀ.ਯੂ. 'ਚ ਰਖਿਆ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਹੈ ਜੋ ਹੁਣ ਦਿਲ ਅਤੇ ਗੁਰਦਿਆਂ 'ਤੇ ਅਸਰ ਪਾਉਣ ਲੱਗੀ ਹੈ। ਦਸਣਯੋਗ ਹੈ ਕਿ ਲਗਭਗ ਇਕ ਮਹੀਨੇ ਪਹਿਲਾਂ ਉਨ੍ਹਾਂ ਦੀ ਧਰਮਪਤਨੀ ਹਰਮਿੰਦਰ ਕੌਰ ਬਾਦਲ ਸਿਰ ਦੇ ਕੈਂਸਰ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। Gurdas Singh
ਅਪਣੇ ਜੀਵਨ ਸਾਥੀ ਦੇ ਚਲੇ ਜਾਣ ਕਾਰਨ ਗੁਰਦਾਸ ਬਾਦਲ ਨੂੰ ਕਾਫ਼ੀ ਸਦਮਾ ਲੱਗਾ ਹੈ। ਸੂਤਰ ਦਸਦੇ ਹਨ ਕਿ ਤਾਜ਼ਾ ਸ਼ਿਕਾਇਤ ਬਲੱਡ ਪ੍ਰੈਸ਼ਰ ਦੀ ਸਾਹਮਣੇ ਆਈ ਹੈ ਜੋ ਕਿ ਘਟਿਆ ਹੋਇਆ ਸੀ। ਇਸ ਤੋਂ ਬਿਨਾਂ ਕੁੱਝ ਹੋਰ ਵੀ ਸਮੱਸਿਆਵਾਂ ਸਨ ਜਿਨ੍ਹਾਂ ਕਾਰਨ ਉਨਾਂ ਨੂੰ ਤੁਰਤ ਫ਼ੋਰਟਿਸ 'ਚ ਇਲਾਜ ਲਈ ਲਿਜਾਇਆ ਗਿਆ। ਫਿਲਹਾਲ ਡਾਕਟਰਾਂ ਵਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਾਦਲ ਦੀ ਸਿਹਤ 'ਚ ਸੁਧਾਰ ਹੈ ਜਿਸ ਕਰ ਕੇ ਉਨ੍ਹਾਂ ਨੂੰ ਜਲਦੀ ਹੀ ਛੁੱਟੀ ਦਿਤੇ ਜਾਣ ਦੇ ਆਸਾਰ ਹਨ।