
ਕੋਰੋਨਾ ਵਾਇਰਸ ਦੌਰਾਨ ਵੰਡੇ ਜਾ ਰਹੇ ਰਾਸ਼ਨ ਤੇ ਸਹੂਲਤਾਂ ਨਾ ਮਿਲਣ 'ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ
ਐਸ.ਏ.ਐਸ. ਨਗਰ, 24 ਅਪ੍ਰੈਲ (ਸੁਖਦੀਪ ਸਿੰਘ ਸੋਈ) : ਆਮ ਆਦਮੀ ਪਾਰਟੀ ਦੇ ਪੰਜਾਬ ਵਿੱਤ ਕਮੇਟੀ ਦੇ ਚੇਅਰਮੈਨ ਅਤੇ ਸੂਬਾ ਪਧਰੀ ਕਮੇਟੀ ਦੇ ਜਰਨਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੰਡੇ ਜਾ ਰਹੇ ਰਾਸ਼ਨ ਅਤੇ ਸਹੂਲਤਾਂ ਨਾ ਮਿਲਣ ਤੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁਕੇ ਹਨ। ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਜਿਥੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਜ਼ਿਲ੍ਹਾ ਮੁਹਾਲੀ ਦੇ ਵੱਖ-ਵੱਖ ਖੇਤਰ ਵਿਚ ਰੋਜ਼ਾਨਾ ਸੌ ਦੇ ਕਰੀਬ ਰਾਸ਼ਨ ਦੇ ਪੈਕਟ ਖ਼ੁਦ ਜਾ ਕੇ ਵੰਡ ਰਹੇ ਹਨ ਪਰ ਦੇਖਣ ਵਿਚ ਆਇਆ ਹੈ ਕਿ ਸਰਕਾਰ ਵਲੋਂ ਜੋ ਮਦਦ ਕੀਤੀ ਜਾ ਰਹੀ ਹੈ ਉਸ ਵਿਚ ਕਮੀਆਂ ਹਨ। ਲੋਕਾਂ ਨੂੰ ਰਾਸ਼ਨ ਵੰਡਣ ਦੇ ਨਾਂ 'ਤੇ ਸਿਆਸਤ ਕੀਤੀ ਜਾ ਰਹੀ ਹੈ ਅਤੇ ਲੋਕਾਂ ਕੋਲ ਪੂਰਾ ਰਾਸ਼ਨ ਨਹੀਂ ਪੁੱਜ ਰਿਹਾ।
ਉਨ੍ਹਾਂ ਕਿਹਾ ਕਿ ਇਹ ਸਮਾਂ ਸਿਆਸਤ ਚਮਕਾਉਣ ਦਾ ਨਹੀਂ, ਬਲਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਰਿਆਂ ਦੀ ਮਦਦ ਕਰਨ ਦਾ ਹੈ। ਸ਼ੇਰਗਿੱਲ ਨੇ ਕਿਸਾਨਾਂ ਸਬੰਧੀ ਕਿਹਾ ਕਿ ਇਕ ਤਾਂ ਕੋਰੋਨਾ ਵਾਇਰਸ ਕਰ ਕੇ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ, ਦੂਜਾ ਮੀਂਹ ਕਰ ਕੇ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਸ਼ੇਰਗਿਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਰ ਕੇ ਲੱਗੇ ਕਰਫ਼ਿਊ ਦੌਰਾਨ ਲੋਕਾਂ ਦੀਆਂ ਆਮਦਨਾਂ ਬੰਦ ਹੋ ਗਈਆਂ ਹਨ। ਇਸ ਕਰ ਕੇ ਸਰਕਾਰ ਸੱਭ ਲਈ ਘੱਟੋ-ਘੱਟ ਛੇ ਮਹੀਨੇ ਦਾ ਸਮਾਂ ਨੂੰ ਜ਼ਰੂਰੀ ਦੇਵੇ, ਜਿਸ ਵਿਚ ਕਿਸਾਨਾਂ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਅਤੇ ਬਿਜਲੀ ਦੇ ਬਿਲਾਂ ਦੀ ਅਤੇ ਹੋਰ ਸਹੂਲਤਾਂ ਸ਼ਾਮਲ ਕੀਤੀਆਂ ਜਾਣ।