
ਕੋਰੋਨਾ ਦਾ ਡਰ ਦਿਖਾ ਕੇ ਕਿਸਾਨਾਂ ਦਾ ਅੰਦੋਲਨ ਕੁਚਲਣਾ ਚਾਹੁੰਦੀ ਹੈ ਸਰਕਾਰ : ਰਾਕੇਸ਼ ਟਿਕੈਤ
ਕਿਹਾ, ਲਾਲ ਕਿਲੇ੍ਹ ਉਤੇ ਤਿਰੰਗੇ ਦਾ ਅਪਮਾਨ ਕਿਸਾਨਾਂ ਨੇ ਨਹੀਂ, ਸਰਕਾਰ ਨੇ ਕੀਤਾ
ਸਰਦੂਲਗੜ੍ਹ, ਮਾਨਸਾ, 24 ਅਪ੍ਰੈਲ (ਵਿਨੋਦ ਜੈਨ, ਕੁਲਜੀਤ ਸਿੰਘ ਸਿੱਧੂ): ਸਰਦੂਲਗੜ੍ਹ ਹਲਕੇ ਦੇ ਪਿੰਡ ਕਰੰਡੀ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਰਾਕੇਸ਼ ਟਿਕੈੇਤ ਅਤੇ ਭਾਰਤੀਆ ਜਾਟ ਮਹਾਂਸਭਾ ਦੇ ਜਰਨਲ ਸਕੱਤਰ ਯੁਧਵੀਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਦਾ ਡਰ ਦਿਖਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਗਾਲ ਵਿਚ ਲੱਖਾਂ ਦਾ ਇਕੱਠ ਕਰ ਕੇ ਰੈਲੀਆਂ ਕਰ ਰਹੇ ਹਨ, ਉਸ ਵੇਲੇ ਕੋਰੋਨਾ ਕਿਥੇ ਜਾਂਦਾ ਹੈ?
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਨੂੰ ਰੋਕਣ ਵਿਚ ਅਸਫ਼ਲ ਰਹੀ ਹੈ ਅਤੇ ਕੋਰੋਨਾ ਵਿਚ ਵਰਤੇ ਜਾਣ ਵਾਲੀ ਆਕਸੀਜਨ ਗੈਸ ਅਤੇ ਟੀਕਿਆਂ ਦੀ ਦੇਸ਼ ਵਿਚ ਕਾਲਾਬਾਜ਼ਾਰੀ ਹੋ ਰਹੀ ਅਤੇ ਦੇਸ਼ ਦੇ ਲੋਕ ਇਸ ਬੀਮਾਰੀ ਨਾਲ ਮਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਇਨ੍ਹਾਂ ਵੱਡਾ ਅੰਦੋਲਨ ਹੋਣ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਬੰਦ ਕਰ ਦਿਤੀਆ ਹਨ |
ਜੇਕਰ ਇਹ ਤਿੰਨੋ ਕਾਨੂੰਨ ਲਾਗੂ ਹੋ ਗਏ ਤਾਂ ਕਾਰੋਪੋਰੇਟ ਘਰਾਣਿਆਂ ਨੂੰ ਛੱਡ ਕੇ ਰੋਟੀ ਖਾਂਦੇ ਹਰ ਵਿਅਕਤੀ ਲਈ ਨੁਕਸਾਨ ਦੇਹ ਹੈ | ਉਨ੍ਹਾਂ ਨੇ ਕਿਹਾ ਕਿ ਲਾਲ ਕਿਲ੍ਹੇ ਅਤੇ ਤਿਰੰਗੇ ਦਾ ਅਪਮਾਨ ਕਿਸਾਨਾਂ ਨੇ ਨਹੀਂ ਕੇਂਦਰ ਦੀ ਮੋਦੀ ਸਰਕਾਰ ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਾਲ ਕਿਲ੍ਹਾ ਡਾਲਮੀਆਂ ਨੂੰ ਠੇਕੇ ਉੱਪਰ ਦੇ ਦਿਤਾ ਹੈ ਜਿਸ ਕਾਰਨ ਕੇਂਦਰ ਸਰਕਾਰ ਦਾ ਲਾਲ ਕਿਲੇ੍ਹ ਉਤੇ ਕੋਈ ਹੱਕ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਾਂ 15 ਅਗੱਸਤ ਨੂੰ ਜੋ ਲਾਲ ਕਿਲੇ੍ਹ ਉਤੇ ਝੰਡਾ ਲਹਿਰਾਉਦੀ ਹੈ, ਉਸ ਦਾ ਵੀ ਡਾਲਮੀਆਂ ਨੂੰ ਕਰਾਇਆ ਦਿੰਦੀ ਹੈ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਅਪਣੇ ਘੁੰਮਣ ਲਈ 10 ਹਜ਼ਾਰ ਕਰੋੜ ਦੇ ਜਹਾਜ਼ ਖ਼ਰੀਦ ਸਕਦਾ ਹੈ ਪਰ ਲਾਲ ਕਿਲੇ੍ਹ ਦੀ ਦੇਖਰੇਖ ਕਰਨ ਲਈ ਉਸ ਕੋਲ 6 ਕਰੋੜ ਰੁਪਏ ਨਹੀਂ ਹਨ |
ਉਨ੍ਹਾਂ ਕਿਹਾ ਕਿ ਭਾਜਪਾ ਨੇ ਤਾਂ ਤਿੰਰਗੇ ਨੂੰ ਕਦੇ ਹੱਥ ਵੀ ਨਹੀਂ ਲਗਾਇਆ
ਇਹ ਤਾਂ ਆਰ.ਐਸ.ਐਸ ਦੇ ਹੱਥਾਂ ਦੀ ਕਠਪੁਤਲੀ ਹੈ ਅਤੇ ਦੇਸ਼ ਵਿਚ ਉਨ੍ਹਾ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੰਦੋਲਣ ਨੂੰ ਕੁਚਲਣ ਲਈ ਬਹੁਤ ਹੀ ਹੱਥਕੰਡੇ ਅਪਣਾਏ ਅਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਐਸ.ਵਾਈ.ਐਲ ਦੇ ਪਾਣੀਆਂ ਉਤੇ ਲੜਾਉਣ ਦੀ ਕੋਸ਼ਿਸ ਕੀਤੀ ਪਰ ਹਰਿਆਣਾ ਦੇ ਕਿਸਾਨਾਂ ਨੇ ਕਿਹਾ ਕਿ ਪਾਣੀ ਦਾ ਮੁੱਦਾ ਤਾਂ ਅਸੀ ਬਾਅਦ ਵਿਚ ਦੇਖ ਲਵਾਗੇਂ ਪਰ ਦਿੱਲੀ ਸਰਕਾਰ ਨਾਲ ਖੇਤੀ ਦੇ ਕਾਨੂੰਨਾ ਵਿਰੁਧ ਲੜਨ ਲਈ ਅਸੀ ਇਕੱਠੇ ਹਾਂ |
ਇਸ ਮੌਕੇ ਪਿੰਡ ਕਰੰਡੀ ਦੀ ਪੰਚਾਇਤ ਅਤੇ ਆੜ੍ਹਤੀਆਂ ਐਸੋਸ਼ੀਏਸ਼ਨ ਸਰਦੂਲਗੜ੍ਹ ਵਲੋਂ ਟਿਕੈਤ ਅਤੇ ਉਨ੍ਹਾਂ ਨਾਲ ਆਏ ਕਿਸਾਨਾਂ ਨੇਤਾ ਨੂੰ ਸਨਮਾਨਤ ਕੀਤਾ ਗਿਆ | ਇਸ ਮੌਕੇ ਰਾਜਿੰਦਰ ਸਿੰਘ ਸੁਰਾਜ, ਸੂਬੇ ਸਿੰਘ ਢਾਕਾ, ਡੈਂਪੀ ਪਹਿਲਵਾਨ, ਜ਼ਿਲ੍ਹਾ ਪਰਿਸ਼ਦ ਚੇਅਰਮੈਂਨ ਬਿਕਰਮ ਮੋਫ਼ਰ, ਕੁਲਦੀਪ ਸਿੰਘ ਗੋਦਾਰਾ, ਅਨੂਪ ਸਿੰਘ ਗੋਦਾਰਾ, ਸੱਤਪਾਲ ਵਰਮਾ ਸਾਬਕਾ ਚੇਅਰਮੈਨ, ਮਲੂਕ ਸਿੰਘ ਹੀਰਕਾ, ਕਾਮਰੇਡ ਲਾਲ ਚੰਦ ਆਦਿ ਮੌਜੂਦ ਸਨ |
ਫੋਟੋ ਨੰ: 1
ਫੋਟੋ ਕੈਂਪਸ਼ਨ : ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੁਧਵੀਰ ਸਿੰਘ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ |
Kuljit Mansa 24-04-21 6ile No. 1