
ਅਦਾਲਤ ਨੇ 10 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਮੁਹਾਲੀ : ਯੂਥ ਅਕਾਲੀ ਨੇਤਾ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿਚ ਬੰਬੀਹਾ ਗਰੁੱਪ ਦੇ ਗੈਂਗਸਟਰਾਂ ਨੂੰ ਅੱਜ ਮੁਹਾਲੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਅਦਾਲਤ ਵਲੋਂ ਇਨ੍ਹਾਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਵਿੱਕੀ ਮਿੱਡੂਖੇੜਾ ਨੂੰ 7 ਅਗਸਤ 2021 ਨੂੰ ਸੈਕਟਰ ਸੱਤਰ ਵਿਚਲੇ ਇਕ ਬੂਥ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
Vicky Middukhera
ਜਿਸ ਤੋਂ ਬਾਅਦ ਇਹ ਸਾਰੇ ਫਰਾਰ ਹੋ ਗਏ ਸਨ। ਤਿੰਨੇ ਗੈਂਗਸਟਰਾਂ ਅਨਿਲ ਕੁਮਾਰ ਉਰਫ਼ ਲੱਠ, ਸੱਜਣ ਸਿੰਘ ਉਰਫ਼ ਭੋਲੂ ਅਤੇ ਅਜੇ ਕੁਮਾਰ ਉਰਫ਼ ਸੰਨੀ ਨੂੰ ਦਿੱਲੀ ਪੁਲਿਸ ਨੇ ਦੇਸ਼ ਦੇ ਸੱਤ ਰਾਜਾਂ ਵਿਚ ਇੱਕ ਮਹੀਨੇ ਤਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਫੜਿਆ ਸੀ।
Vicky Middukhera
ਮਿੱਡੂਖੇੜਾ ਦੇ ਕਤਲ ਪਿੱਛੇ ਉਨ੍ਹਾਂ ਦਾ ਮਕਸਦ ਕੀ ਸੀ, ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਸੀ ਜਿਸ ਨੂੰ ਜਾਨਣ ਲਈ ਪੁਲਿਸ ਨੇ ਹੁਣ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮੁਹਾਲੀ ਲਿਆਂਦਾ ਹੈ ਤੇ ਹੁਣ 10 ਦਿਨਾਂ ’ਚ ਪੁਲਿਸ ਵਲੋਂ ਇਹੀ ਸਾਰਾ ਕੁੱਝ ਜਾਨਣ ਦਾ ਯਤਨ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਹੈ ਕਿ ਸੱਜਣ ਸਿੰਘ ਅਤੇ ਅਨਿਲ ਕੁਮਾਰ 30 ਤੋਂ ਵੱਧ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਕਾਰਨ ਦਿੱਲੀ ਅਤੇ ਹਰਿਆਣਾ ਖੇਤਰ ਵਿੱਚ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ ਹਨ।