ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਰਿਆਣਾ ਨਾਲ ਰਿਹਾ ਹੈ ਡੂੰਘਾ ਰਿਸ਼ਤਾ : ਖੱਟਰ
ਚੰਡੀਗੜ੍ਹ, 24 ਅਪ੍ਰੈਲ (ਨਰਿੰਦਰ ਸਿੰਘ ਝਾਂਮਪੁਰ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਮਾਗਮ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂ ਸਾਹਿਬ ਦੇ ਤਿਆਗ ਅਤੇ ਬਲੀਦਾਨ ਨੂੰ ਯਾਦ ਕਰਦੇ ਹੋਏ ਕਈ ਵੱਡੇ ਐਲਾਨ ਕੀਤੇ | ਉਨ੍ਹਾਂ ਨੇ ਪਾਣੀਪਤ ਦੀ ਇਤਿਹਾਸਕ ਧਰਤੀ 'ਤੇ ਆਯੋਜਤ ਹੋਏ ਸਮਾਗਮ ਸਥਾਨ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦੁਰ ਦੇ ਨਾਂਅ 'ਤੇ ਕਰਨ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਜਿਸ ਰਸਤੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਆਈ, ਉਸ ਰਸਤੇ ਦਾ ਨਾਂਮਕਰਨ ਵੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖੇ ਜਾਣ ਦਾ ਐਲਾਨ ਕੀਤਾ | ਇਸ ਦੇ ਨਾਲ-ਨਾਲ ਉਨ੍ਹਾਂ ਕਿਹਾ ਕਿ ਯਮੁਨਾਨਗਰ ਵਿਚ ਬਣਨ ਜਾ ਰਹੇ ਸਰਕਾਰੀ ਮੈਡੀਕਲ ਕਾਲਜ ਦਾ ਨਾਮ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਰਖਿਆ ਗਿਆ ਹੈ | ਜਲਦੀ ਹੀ ਕਾਲਜ ਦਾ ਨੀਂਹ ਪੱਥਰ ਰਖਿਆ ਜਾਵੇਗਾ |
ਮੁੱਖ ਮੰਤਰੀ ਮਨੋਹਰ ਲਾਲ ਨੇ ਇਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲੜਦੇ ਸਮੇਂ ਜਿਨ੍ਹਾਂ ਸ਼ਸਤਰਾਂ ਦੀ ਵਰਤੋਂ ਕੀਤੀ, ਉਨ੍ਹਾਂ ਦੀ ਪ੍ਰਦਰਸ਼ਨੀ ਪੂਰੇ ਦੇਸ਼ ਵਿਚ ਲਗਾਈ ਜਾਵੇਗੀ | ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਸ਼ਸਤਰਾਂ ਨੂੰ ਲੈ ਕੇ ਜਾਣ ਵਾਲਾ ਵਾਹਨ ਹਰਿਆਣਾ ਸਰਕਾਰ ਅਪਣੀ ਵਲੋਂ ਭੇਂਟ ਦੇਵੇਗੀ | ਅਪਣੇ ਸੰਬੋਧਨ ਤੋਂ ਪਹਿਲਾਂ ਮਨੋਹਰ ਲਾਲ ਨੇ ਮੁੱਖ ਪੰਡਾਲ ਵਿਚ ਪਹੁੰਚ ਕੇ ਸੱਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੀਸ ਨਿਵਾਇਆ | ਇਸ ਤੋਂ ਬਾਅਦ ਅਪਣੇ ਸਮਾਗਮ ਸਥਾਨ 'ਤੇ ਪਹੁੰਚੀ ਲੱਖਾਂ ਦੀ ਸੰਗਤ ਦਾ ਹੱਥ ਜੋੜ ਕੇ ਸ਼ੁਕਰਾਨਾ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਅਤੇ ਅਨਿਆਂ ਵਿਰੁਧ ਆਵਾਜ਼ ਉਠਾਉਂਦੇ ਹੋਏ ਅਪਣੀ ਸ਼ਹੀਦੀ ਦਿਤੀ ਸੀ | ਅੱਜ ਉਨ੍ਹਾ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਆਜ਼ਾਦੀ ਦੇ ਅਮਿ੍ਤ ਮਹਾਂਉਤਸਵ ਤਹਿਤ ਮਨਾਇਆ ਜਾ ਰਿਹਾ ਹੈ |
ਖੱਟਰ ਨੇ ਕਿਹਾ ਕਿ ਗੁਰੂਆਂ ਨੇ ਸਮਾਜ ਅਤੇ ਦੇਸ਼ ਦੀ ਰਖਿਆ ਲਈ ਅਪਣਾ ਸ਼ਹੀਦੀ ਦਿਤੀ ਸੀ | ਜਦੋਂ 500 ਕਸ਼ਮੀਰੀ ਪੰਡਤਾਂ ਦਾ ਜੱਥਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਕੋਲ ਆਨੰਦਪੁਰ ਸਾਹਿਬ ਪਹੁੰਚਿਆ | ਉਨ੍ਹਾਂ ਨੇ ਔਰੰਗ਼ਜ਼ੇਬ ਦੇ ਜ਼ੁਲਮ ਦੇ ਬਾਰੇ ਵਿਚ ਗੁਰੂ ਸਾਹਿਬ ਨੂੰ ਜਾਣੁੂੰ ਕਰਵਾਇਆ | ਉਦੋਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਕਿਸੇ ਮਹਾਂਪੁਰਸ਼ ਨੂੰ ਬਲੀਦਾਨ ਦੇਣਾ ਹੋਵੇਗਾ | ਇਸ 'ਤੇ ਗੁਰੂ ਸਾਹਿਬ ਦੇ ਪੁੱਤਰ ਗੋਬਿੰਦ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਬਲੀਦਾਨੀ ਕੌਣ ਹੋਵੇਗਾ | ਇਸ ਦੇ ਬਾਅਦ ਗੁਰੂ ਸਾਹਿਬ ਜੀ ਨੇ ਔਰੰਗ਼ਜ਼ੇਬ ਨੂੰ ਚੁਨੌਤੀ ਦਿਤੀ | ਔਰੰਗ਼ਜ਼ੇਬ ਨੇ ਗੁਰੂ ਸਾਹਿਬ ਨੂੰ ਬਹੁਤ ਤਸੀਹੇ ਦੇ ਕੇ ਉਨ੍ਹਾਂ ਦਾ ਸੀਸ ਧੜ ਤੋਂ ਅਲੱਗ ਕਰ ਦਿਤਾ | ਗੁਰੂ ਸਾਹਿਬ ਜੀ ਨੇ ਦੇਸ਼-ਧਰਮ ਦੀ ਰਖਿਆ ਲਈ ਅਪਣੀ ਸ਼ਹੀਦੀ ਦਿਤੀ | ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋ ਦਿਨ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਸੀਸ ਝੁਕਾਅ ਕੇ ਉਨ੍ਹਾਂ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਇਆ ਹੈ |
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦੇਸ਼ ਵਿਚ ਨਾਇਕ ਵੀ ਹੋਏ ਹਨ ਅਤੇ ਖਲਨਾਇਕ ਵੀ ਹੋਏ ਹਨ ਪਰ ਸਾਨੂੰ ਨਾਇਕਾਂ ਨੂੰ ਯਾਦ ਰਖਣਾ ਹੋਵੇਗਾ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਕ ਨਾਇਕ ਸਨ ਅਤੇ ਔਰੰਗ਼ਜ਼ੇਬ ਇਕ ਖਲਨਾਇਕ ਸੀ | ਖੱਟਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਰਿਆਣਾ ਨਾਲ ਡੂੰਘਾ ਰਿਸ਼ਤਾ ਰਿਹਾ ਹੈ | ਉਨ੍ਹਾਂ ਨੇ ਹਰਿਆਣਾ ਤੇ ਪੰਜਾਬ ਤੋਂ ਹੋ ਕੇ 6 ਯਾਤਰਾਵਾਂ ਕੀਤੀਆਂ | ਗੁਰੂ ਸਾਹਿਬ ਨੇ ਹਰਿਆਣਾ ਦੇ 32 ਗੁਰੂਦੁਆਰਿਆਂ ਵਿਚ ਅਪਣੇ ਚਰਨ ਰੱਖੇ | ਗੁਰੂ ਜੀ ਧਮਤਾਨ ਸਾਹਿਬ, ਮੰਜੀ ਸਾਹਿਬ, ਗੜੀ ਸਾਹਿਬ, ਕਰਾਹ ਸਾਹਿਬ ਆਦਿ ਸਥਾਨਾਂ 'ਤੇ ਪਹੁੰਚੇ | ਗੁਰੂ ਸਾਹਿਬ ਦੇ ਸੀਸ ਦੀ ਆਖ਼ਰੀ ਯਾਤਰਾ ਵੀ ਹਰਿਆਣਾ ਤੋਂ ਹੋ ਕੇ ਗੁਜ਼ਰੀ | ਉਨ੍ਹਾਂ ਦੇ ਸੀਸ ਦੇ ਪਿੱਛੇ ਔਰੰਗ਼ਜ਼ੇਬ ਦੀ ਸੈਨਾ ਲੱਗੀ ਹੋਈ ਸੀ | ਗੁਰੂ ਜੀ ਦੇ ਚਿਹਰੇ ਨਾਲ ਮਿਲਦਾ ਜੁਲਦਾ ਸੋਨੀਪਤ ਦੇ ਬਡਖ਼ਾਲਸਾ ਪਿੰਡ ਦੇ ਕਿਸਾਨ ਖ਼ੁਸ਼ਹਾਲ ਸਿੰਘ ਦਹਿਆ ਨੇ ਅਪਣਾ ਸੀਸ ਕੱਟਵਾ ਦਿਤਾ ਜਿਸ ਨੂੰ ਲੈ ਕੇ ਔਰੰਗ਼ਜ਼ੇਬ ਦੀ ਫ਼ੌਜ ਦਿੱਲੀ ਚਲੀ ਗਈ ਅਤੇ ਗੁਰੂ ਸਾਹਿਬ ਦਾ ਸੀਸ ਪੰਜਾਬ ਲਿਜਾਇਆ ਜਾ ਸਕਿਆ |
ਮਨੌਹਰ ਲਾਲ ਨੇ ਕਿਹਾ ਕਿ ਗੁਰੂਆਂ ਦੇ ਤਿਆਗ ਅਤੇ ਸੰਘਰਸ਼ ਦੀ ਤਰ੍ਹਾਂ ਭਾਰਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਦੇ ਕ੍ਰਾਂਤੀਕਾਰੀਆਂ ਨੇ ਵੀ ਅਪਣਾ ਬਲੀਦਾਨ ਦਿਤਾ ਹੈ | ਖੱਟਰ ਨੇ ਕਿਹਾ ਕਿ ਸੰਤਾਂ ਤੇ ਮਹਾਂਪੁਰਖਾਂ ਦੇ ਵਿਚਾਰ ਘਰ ਘਰ ਤਕ ਪਹੁੰਚੇ, ਇਸ ਲਈ ਹਰਿਆਣਾ ਸਰਕਾਰ ਸਾਰੇ ਸੰਤ ਤੇ ਮਹਾਂਪੁਰਸ਼ਾਂ ਦੀ ਜੈਯੰਤੀ ਤੇ ਪ੍ਰਕਾਸ਼ ਪੁਰਬ ਮਨਾ ਰਹੀ ਹੈ |