
ਕਿਹਾ- ਮੁਫ਼ਤ ਬਿਜਲੀ ਦੇਣਾ ਤਾਂ ਦੂਰ ਲੋਕਾਂ ਨੂੰ ਪੂਰੀ ਬਿਜਲੀ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ
ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਸੰਕਟ ਨੂੰ ਲੈ ਕੇ ਹੁਣ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਾਬਕਾ ਕਾਂਗਰਸੀ ਵਿਧਾਇਕਾਂ ਵਲੋਂ ਅੱਜ ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਧਰਨਾ ਦਿੱਤਾ ਗਿਆ। ਜਿਸ ਵਿਚ ਹਰਦਿਆਲ ਕੰਬੋਜ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਰਜੀਤ ਧੀਮਾਨ, ਜਗਦੇਵ ਸਿੰਘ ਕਮਾਲੂ ਸਮੇਤ ਕਈ ਸਾਬਕਾ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਸਿਰਫ਼ 3 ਘੰਟੇ ਬਿਜਲੀ ਮਿਲਦੀ ਹੈ। ਅਸੀਂ ਇੱਥੇ 2 ਰੁਪਏ ਦੀ ਬਿਜਲੀ 16 ਅਤੇ 17 ਰੁਪਏ ਵਿਚ ਖਰੀਦ ਰਹੇ ਹਾਂ। ਮੈਂ ਇਸ ਧਰਨੇ ਰਾਹੀਂ ਲੋਕਾਂ ਦੀ ਆਵਾਜ਼ ਲਈ ਲੜ ਰਿਹਾ ਹਾਂ। ਸਿੱਧੂ ਨੇ ਕਿਹਾ ਕਿ ਪਾਵਰ ਪਲਾਂਟ ਬੰਦ ਹੋਣ ਦੀ ਕਗਾਰ ’ਤੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਅਸੀਂ ਪੀਪੀਏ ਰੱਦ ਕਰਾਂਗੇ।
ਨਵਜੋਤ ਸਿੱਧੂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਗਲਤ ਬਿਜਲੀ ਖ਼ਰੀਦ ਸਮਝੌਤੇ ਕਰਕੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਾਂਗਰਸ ਸਰਕਾਰ ਨੇ ਇਹਨਾਂ ਸਮਝੌਤਿਆਂ ਸਬੰਧੀ ਵ੍ਹਾਈਟ ਪੇਪਰ ਵੀ ਪੇਸ਼ ਕੀਤਾ ਸੀ। ਸਿੱਧੂ ਨੇ ਕਿਹਾ ਕਿ ਮਹਿੰਗੇ ਬਿਜਲੀ ਸਮਝੌਤਿਆਂ ਦੀ ਥਾਂ ਛੋਟੇ ਖਰੀਦ ਸਮਝੌਤੇ ਹੋਣੇ ਚਾਹੀਦੇ ਹਨ ਜਿਸ ਤਹਿਤ ਗਰਮੀ ਦੇ ਮੌਸਮ ਚ ਲੋਡ਼ ਪੈਣ ’ਤੇ ਸਸਤੀ ਬਿਜਲੀ ਖਰੀਦੀ ਜਾ ਸਕੇ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਨਵਜੋਤ ਸਿੱਧੂ ਨੇ 'ਆਪ' ਸਰਕਾਰ ਨੂੰ ਬਿਜਲੀ ਅਤੇ ਨੌਕਰੀਆਂ ਦੇ ਮਾਮਲਿਆਂ ’ਤੇ ਤਿੱਖੇ ਸਵਾਲ ਕੀਤੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਮੁਫ਼ਤ ਬਿਜਲੀ ਦੇਣਾ ਤਾਂ ਦੂਰ ਲੋਕਾਂ ਨੂੰ ਪੂਰੀ ਬਿਜਲੀ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ’ਤੇ ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਪ੍ਰੈਲ ਤੋਂ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ। ਇਹ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਖੇਤੀਬਾੜੀ ਦਾ ਕੀ ਪਤਾ? ਉਹਨਾਂ ਕਿਹਾ ਕਿ ਕੇਜਰੀਵਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਹਨ।