
ਸਾਡੀ ਸਰਕਾਰ ਦਾ ਮਕਸਦ ਸੱਭ ਨੂੰ ਰੁਜ਼ਗਾਰ ਦੇਣਾ ਹੈ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ: ਭਗਵੰਤ ਮਾਨ
ਪੁਲਿਸ ਤੇ ਟਰਾਂਸਪੋਰਟ ਦੇ ਉਚ ਅਧਿਕਾਰੀਆਂ ਦੀ ਮੀਟਿੰਗ 'ਚ ਕੀਤੀ ਖਿਚਾਈ
ਚੰਡੀਗੜ੍ਹ, 24 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਹੁਦਾ ਸੰਭਾਲਣ ਦੇ ਬਾਅਦ ਪਹਿਲੀ ਵਾਰ ਅਫ਼ਸਰਸ਼ਾਹੀ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਸਾਹਮਣੇ ਆਏ ਹਨ | ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੇ ਏ.ਡੀ.ਜੀ.ਪੀ. ਟੈ੍ਰਫ਼ਿਕ ਵਲੋਂ ਸੂਬੇ ਵਿਚ ਚਲ ਰਹੀਆਂ ਜੁਗਾੜੂ ਮੋਟਰ ਸਾਈਕਲ ਰੇਹੜੀਆਂ 'ਤੇ ਰੋਕ ਲਾ ਕੇ ਉਨ੍ਹਾਂ ਨੂੰ ਦਸੇ ਬਿਨਾਂ ਹੀ ਚਲਾਨ ਕੱਟਣ ਦੀ ਸ਼ੁਰੂ ਕੀਤੀ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਚੰਡੀਗੜ੍ਹ ਵਿਚ ਸਿਰਫ਼ ਏ.ਡੀ.ਜੀ.ਪੀ. ਟੈ੍ਰਫ਼ਿਕ ਅਤੇ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਸੂਬੇ ਦੇ ਡੀ.ਜੀ.ਪੀ. ਨੂੰ ਹੀ ਤਲਬ ਨਹੀਂ ਕੀਤਾ ਬਲਕਿ ਜਾਰੀ ਹੁਕਮਾਂ ਨੂੰ ਲੈ ਕੇ ਅਪਣੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਵੀ ਸਪੱਸ਼ਟੀਕਰਨ ਲੈਣ ਲਈ ਬੁਲਾਇਆ ਸੀ |
ਉਨ੍ਹਾਂ ਪਹਿਲਾਂ ਡੀ.ਜੀ.ਪੀ., ਏ.ਡੀ.ਜੀਪੀ. ਟੈ੍ਰਫ਼ਿਕ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਬਾਅਦ ਵਿਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਵਖਰੇ ਤੌਰ 'ਤੇ ਮੀਟਿੰਗ ਕੀਤੀ | ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਸਰਕਾਰ ਨੂੰ ਮੁਸ਼ਕਲ ਵਿਚ ਫਸਾਉਣ ਵਾਲਾ ਫ਼ੈਸਲਾ ਆਪੇ ਹੀ ਲਾਗੂ ਕਰਨ 'ਤੇ ਸਖ਼ਤ ਨਰਾਜ਼ਗੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਭਵਿੱਖ ਵਿਚ ਅਜਿਹਾ ਨਾ ਕਰਨ ਦੀ ਨਸੀਹਤ ਦਿੰਦਿਆਂ ਉਨ੍ਹਾਂ ਦੀ ਖਿਚਾਈ ਕੀਤੀ ਹੈ | ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕੇ ਖ਼ੁਦ ਮੀਟਿੰਗ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਤੇ ਇਸ ਵਿਚ ਵੀ ਉਨ੍ਹਾਂ ਦੇ ਗੁੱਸੇ ਵਾਲਾ ਅੰਦਾਜ਼ ਸਾਫ਼ ਝਲਕ ਰਿਹਾ ਹੈ | ਉਨ੍ਹਾਂ ਟਵੀਟ ਵਿਚ ਲਿਖਿਆ ਹੈ ਕਿ ਹਜ਼ਾਰਾਂ ਲੋਕ ਦਿਨ ਰਾਤ ਮਿਹਨਤ ਕਰ ਕੇ ਮੋਟਰਸਾਈਕਲ ਰੇਹੜੀ ਤੋਂ ਅਪਣੀ ਦੋ ਵਕਤ ਦੀ ਰੋਟੀ ਕਮਾਉਂਦੇ ਹਨ | ਉਨ੍ਹਾਂ ਕਿਹਾ,'ਮੈਂ ਅੱਜ ਵਿਭਾਗ ਦੀ ਮੀਟਿੰਗ ਸੱਦ ਕੇ ਹੁਕਮ ਦਿਤੇ ਹਨ ਕਿ ਕੋਈ ਵੀ ਮੋਟਰ ਰੇਹੜੀ ਬੰਦ ਨਹੀਂ ਹੋਣੀ ਚਾਹੀਦੀ |' ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸੱਭ ਨੂੰ ਰੁਜ਼ਗਾਰ ਦੇਣਾ ਹੈ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ | ਇਹ ਦੂਜਾ ਮੌਕਾ ਹੈ ਜਦ ਭਗਵੰਤ ਸਰਕਾਰ ਨੂੰ ਫ਼ੈਸਲਾ 24 ਘੰਟੇ ਅੰਦਰ ਵਾਪਸ ਲੈਣਾ ਪਿਆ | ਇਸ ਤੋਂ ਪਹਿਲਾਂ ਪੁਰਾਣੀ ਸਰਕਾਰ ਦੇ ਸਮੇਂ ਦੇ ਕਿਸਾਨਾਂ ਦੇ ਵਰੰਟ ਕੁੱਝ ਅਧਿਕਾਰੀਆਂ ਵਲੋਂ ਮੁੜ ਜਾਰੀ ਕਰ ਦੇਣ ਕਾਰਨ ਪਿਛਲੇ ਦਿਨੀਂ ਸਰਕਾਰ ਨੂੰ ਯੂਟਰਨ ਲੈਣਾ ਪਿਆ ਸੀ |
ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਮੀਟਿੰਗ ਵਿਚ ਏ.ਡੀ.ਜੀ.ਪੀ. ਟੈ੍ਰਫ਼ਿਕ ਵਲੋਂ ਪੱਤਰ ਜਾਰੀ ਕਰ ਕੇ ਮੋਟਰ ਰੇਹੜੀਆਂ ਵਿਰੁਧ ਸ਼ੁਰੂ ਕਰਵਾਈ ਗਈ ਕਾਰਵਾਈ ਬਾਰੇ ਪੁਛਿਆ ਕਿ ਇਸ ਦੀ ਇਕਦਮ ਕੀ ਲੋੜ ਪੈ ਗਈ ਸੀ | ਜ਼ਿਕਰਯੋਗ ਹੈ ਕਿ ਇਹ ਕਾਰਵਾਈ ਸ਼ੁਰੂ ਹੋਣ ਬਾਅਦ ਬੀਤੇ ਦਿਨ ਸੂਬੇ ਭਰ ਵਿਚ ਥਾਂ ਥਾਂ ਸਰਕਾਰ ਵਿਰੁਧ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਸਨ ਅਤੇ ਕਈ ਮੰਤਰੀਆਂ ਅਤੇ 'ਆਪ' ਵਿਧਾਇਕਾਂ ਦੇ ਘਿਰਾਉ ਵੀ ਹੋਣ ਲੱਗੇ ਸਨ | ਇਸ ਦੇ ਚਲਦੇ ਬੀਤੀ ਰਾਤ ਹੀ ਫ਼ੈਸਲਾ ਵਾਪਸ ਲੈ ਕੇ ਏ.ਡੀ.ਜੀਪੀ. ਟੈ੍ਰਫ਼ਿਕ ਵਲੋਂ ਕਾਰਵਾਈ ਰੋਕਣ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਸਨ | ਮੁੱਖ ਮੰਤਰੀ ਇਸ ਕਾਰਨ ਬਹੁਤ ਨਰਾਜ਼ ਹੋਏ ਤੇ ਉਨ੍ਹਾਂ ਅੱਜ ਅਧਿਕਾਰੀ ਤੇ ਮੰਤਰੀ ਨੂੰ ਤਲਬ ਕੀਤਾ ਸੀ |