
ਸ਼ਿਮਲਾ ਮਿਰਚ ਉਤਪਾਦਕਾਂ ਦੇ ਚਿਹਰਿਆਂ 'ਤੇ ਦਿਖਣ ਲੱਗੀ ਹੈ ਰੌਣਕ
2 ਲੱਖ ਤੋਂ ਲੈ ਕੇ ਢਾਈ ਲੱਖ ਤਕ ਹੁੁੰਦੀ ਹੈ ਪ੍ਰਤੀ ਏਕੜ ਆਮਦਨ
ਸਰਦੂਲਗੜ੍ਹ, 24 ਅਪ੍ਰੈਲ (ਵਿਨੋਦ ਜੈਨ) : ਨਰਮੇ ਅਤੇ ਕਣਕ ਦੀ ਝਾੜ ਦੀ ਮਾਰ ਝੱਲ ਰਹੇ ਕਿਸਾਨਾ ਦਾ ਜਿਥੇ ਆਰਥਕ ਨੁਕਸਾਨ ਹੋਇਆ ਹੈ ਉਥੇ ਹੀ ਸ਼ਿਮਲਾ ਮਿਰਚ ਉਤਪਾਦਕਾਂ ਦੇ ਚਿਹਰਿਆਂ 'ਤੇ ਰੌਣਕ ਦਿਖਣ ਲੱਗੀ ਹੈ | ਪਿਛਲੇ ਸਾਲ ਸ਼ਿਮਲਾ ਮਿਰਚ ਖ਼ਰੀਦਣ ਵਾਲਿਆਂ ਦੀ ਘਾਟ ਕਾਰਨ ਜਿਥੇ ਭਾਅ 3 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਆ ਗਿਆ ਸੀ ਉਥੇ ਮਿਰਚ ਉਤਪਾਦਕ ਸ਼ਿਮਲਾ ਮਿਰਚ ਨੂੰ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋ ਗਏ ਸਨ | ਜਦੋਂ ਕਿ ਹੁਣ ਸ਼ਿਮਲਾ ਮਿਰਚ ਦੀ ਕੀਮਤ 12 ਤਾੋ 15 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ |
ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੇ ਕਿਸਾਨ ਸੱਤਪਾਲ ਸਿੰਘ ਪੱਲਾ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਕਿਸਾਨਾਂ ਵਲੋਂ ਲਗਭਗ 150 ਏਕੜ ਜ਼ਮੀਨ 'ਤੇ ਸ਼ਿਮਲਾ ਮਿਰਚ ਉਗਾਈ ਜਾਂਦੀ ਹੈ | ਪਿੰਡ ਵਿਚ 18 ਏਕੜ ਜ਼ਮੀਨ 'ਤੇ ਸ਼ਿਮਲਾ ਮਿਰਚ ਦੀ ਖੇਤੀ ਕਰਨ ਵਾਲੇ ਕਿਸਾਨ ਸੱਤਪਾਲ ਸਿੰਘ ਪੱਲਾ ਨੇ ਦਸਿਆ ਕਿ ਇਸ ਵਾਰ ਸ਼ਿਮਲਾ ਮਿਰਚ ਦਾ ਭਾਅ ਕਾਫ਼ੀ ਚੰਗਾ ਰਿਹਾ ਹੈ | ਪਹਿਲਾਂ ਸ਼ੁਰੂ ਵਿਚ ਸ਼ਿਮਲਾ ਮਿਰਚ ਦਾ ਰੇਟ 40 ਤੋਂ 45 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ ਅਤੇ ਹੁਣ ਰੇਟ ਘੱਟ ਕੇ 12 ਤੋਂ 15 ਰੁਪਏ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਿਮਲਾ ਮਿਰਚ ਦੇ ਰੇਟ ਦਾ ਦੜਾ 15 ਰੁਪਏ ਪ੍ਰਤੀ ਕਿਲੋ ਪਵੇਗਾ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਹੈ | ਉਨ੍ਹਾਂ ਕਿਹਾ ਕਿ ਇਕ ਏਕੜ ਫ਼ਸਲ 'ਤੇ 70 ਹਜਾਰ ਦਾ ਖਰਚਾ ਹੁੰਦਾ ਹੈ ਅਤੇ 2 ਲੱਖ ਤੋਂ 2.50 ਲੱਖ ਰੁਪਏ ਦੀ ਆਮਦਨ ਹੁੰਦੀ ਹੈ | ਉਨ੍ਹਾਂ ਦਸਿਆ ਕਿ ਪ੍ਰਤੀ ਏਕੜ ਪੈਦਾਵਾਰ ਵੀ 150 ਤੋਂ 200 ਕੁਇੰਟਲ ਹੋ ਜਾਂਦੀ ਹੈ | ਜਦੋਂ ਇਸ ਸਬੰਧੀ ਬਾਗ਼ਵਾਨੀ ਵਿਕਾਸ ਅਫ਼ਸਰ ਸਰਦੂਲਗੜ੍ਹ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਬਲਾਕ ਵਿਚ ਕਿਸਾਨਾਂ ਵਲੋਂ ਤਕਰੀਬਨ 300 ਏਕੜ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ ਜਿਨ੍ਹਾਂ ਵਿਚ 150 ਏਕੜ ਝੰਡਾ ਕਲਾ ਅਤੇ ਬਾਕੀ ਸਰਦੂਲਗੜ੍ਹ, ਆਹਲੂਪੁਰ ਆਦਿ ਪਿੰਡਾ ਦੇ ਕਿਸਾਨਾ ਵਲੋਂ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਪਹਿਲਾਂ ਸ਼ਿਮਲਾ ਮਿਰਚ ਦਾ ਰੇਟ ਕਾਫ਼ੀ ਚੰਗਾ ਹੋਣ ਕਾਰਨ ਕਿਸਾਨਾਂ ਨੂੰ ਕਾਫ਼ੀ ਲਾਭ ਹੋ ਰਿਹਾ ਹੈ |
ਕੈਂਪਸ਼ਨ-ਮਾਨਸਾ 2 :- ਕਿਸਾਨ ਵਲੋਂ ਬੀਜੀ ਹੋਈ ਸ਼ਿਮਲਾ ਮਿਰਚ ਦੀ ਫ਼ਸਲ |