
ਹੱਕੀ ਮੰਗਾਂ ਮਨਵਾਉਣ ਲਈ 12 ਅਪ੍ਰੈਲ ਤੋਂ ਲਗਾਇਆ ਹੋਇਆ ਸੀ ਪੱਕਾ ਮੋਰਚਾ
Farmers Protest: ਸੰਗਰਰੂ - 52 ਸਾਲਾ ਕਿਸਾਨ ਕਰਮਜੀਤ ਸਿੰਘ ਦੀ ਮੌਤ ਦੇ 13 ਦਿਨਾਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ (ਨੇੜੇ ਲਹਿਰਾ) ਵਿਖੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਬੀਕੇਯੂ (ਉਗਰਾਹਾਂ) ਦੇ ਮੈਂਬਰਾਂ ਅਤੇ ਕਾਰਕੁਨਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਅੰਤਿਮ ਸਸਕਾਰ ਵਿਚ ਸ਼ਾਮਲ ਹੋਏ। ਮ੍ਰਿਤਕ ਕਿਸਾਨ ਦੇ ਬੇਟੇ ਗੁਰਲਾਲ ਸਿੰਘ ਨੇ ਕਿਸਾਨ ਦੀ ਚਿਤਾ ਨੂੰ ਅੱਗ ਲਾਈ। ਕਰਮਜੀਤ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ ਦੋ ਬੇਟੇ ਛੱਡ ਗਿਆ।
ਇਸ ਤੋਂ ਪਹਿਲਾਂ ਬੀਕੇਯੂ (ਯੂ) ਦੇ ਆਗੂਆਂ ਅਤੇ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ 'ਤੇ ਯੂਨੀਅਨ ਦਾ ਝੰਡਾ ਚੜ੍ਹਾਇਆ ਅਤੇ ਸਲਾਮੀ ਦਿੱਤੀ। ਉਨ੍ਹਾਂ ਨੇ ਇਸ ਮੌਕੇ ਮ੍ਰਿਤਕ ਕਿਸਾਨ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ ਭੁਟਾਲ ਅਤੇ ਧਰਮਿੰਦਰ ਸਿੰਘ ਪਿਸ਼ੋਰ ਵੀ ਹਾਜ਼ਰ ਸਨ।
ਕਰਮਜੀਤ ਸਿੰਘ ਦੀ 11 ਅਪ੍ਰੈਲ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਸੀ, ਜਦੋਂ 11 ਅਪ੍ਰੈਲ ਨੂੰ ਸੁਨਾਮ ਵਿਚ ਇੱਕ ਨਿੱਜੀ ਸਾਈਲੋ ਦੇ ਬਾਹਰ ਸਿਲੋ ਸਿਸਟਮ ਲਾਗੂ ਕਰਨ ਦੇ ਵਿਰੋਧ ਵਿਚ ਬੀਕੇਯੂ (ਯੂ) ਵੱਲੋਂ ਆਯੋਜਿਤ ਧਰਨੇ ਦੌਰਾਨ ਦਿਲ ਦਾ ਦੌਰਾ ਪਿਆ ਸੀ। ਮ੍ਰਿਤਕ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕੀਤਾ ਗਿਆ ਕਿਉਂਕਿ ਕਿਸਾਨ ਯੂਨੀਅਨ ਉਦੋਂ ਤੱਕ ਇਸ ਦੀ ਇਜਾਜ਼ਤ ਨਹੀਂ ਦੇ ਰਹੀ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ।
ਲਹਿਰਾ ਤਹਿਸੀਲ ਪ੍ਰਸ਼ਾਸਨ ਨੇ ਬੀਤੇ ਦਿਨ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਸਨ, ਜਿਨ੍ਹਾਂ ਵਿਚ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕਰਨਾ ਸ਼ਾਮਲ ਸੀ। ਇਸ ਤੋਂ ਬਾਅਦ ਯੂਨੀਅਨ ਵੱਲੋਂ 12 ਅਪ੍ਰੈਲ ਨੂੰ ਐਸਡੀਐਮ ਲਹਿਰਾ ਦੇ ਦਫ਼ਤਰ ਵਿਖੇ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਕੱਲ੍ਹ ਸ਼ਾਮ ਨੂੰ ਸਮਾਪਤ ਹੋ ਗਿਆ ਅਤੇ ਯੂਨੀਅਨ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ। ਬੀਕੇਯੂ (ਯੂ) ਦੇ ਲਹਿਰਾ ਬਲਾਕ ਦੇ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਨੇ ਦੱਸਿਆ ਕਿ ਕਿਸਾਨ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਦੁਪਹਿਰ ਪਟਿਆਲਾ ਤੋਂ ਸੰਗਤਪੁਰਾ ਪਿੰਡ ਲਿਆਂਦੀ ਗਈ।