
ਰਸਤੇ 'ਚ ਮੁੱਲ ਰੋਟੀ ਮਿਲੀ ਤਾਂ ਉਹ ਵੀ ਬੇਹੀ ਪਰ ਮੁਸ਼ਕਲਾਂ ਦੀ ਨਾ ਕੀਤੀ ਪ੍ਰਵਾਹ
ਕੋਟਕਪੂਰਾ, 24 ਮਈ (ਗੁਰਿੰਦਰ ਸਿੰਘ): ਤਾਲਾਬੰਦੀ ਕਾਰਨ ਅਪਣੇ ਘਰਾਂ ਤੋਂ ਦੂਰ ਅਰਥਾਤ ਕਈ-ਕਈ ਸੌ ਕਿਲੋਮੀਟਰ ਦੀ ਦੂਰੀ ਤੋਂ ਦੇਸ਼ ਦੇ ਦੂਰ-ਦੁਰਾਡੇ ਰਾਜਾਂ 'ਚੋਂ ਅਪਣੇ ਘਰ ਪਰਤਣ ਲਈ ਬੇਤਾਬ ਲੋਕਾਂ ਦੀ ਅਜੇ ਵੀ ਕੋਈ ਕਮੀਂ ਨਹੀਂ, ਭਾਂਵੇ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਥਾਨਕ ਜਲਾਲੇਆਣਾ ਸੜਕ 'ਤੇ ਸਥਿਤ ਦੇਸਰਾਜ ਬਸਤੀ ਦੇ ਵਸਨੀਕ ਨੌਜਵਾਨ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ, ਜਿਸ ਨੇ ਕਿਸੇ ਵੀ ਮੁਸ਼ਕਲ ਜਾਂ ਪ੍ਰੇਸ਼ਾਨੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਬਿਹਾਰ ਦੇ ਜ਼ਿਲ੍ਹੇ ਪੂਰਨੀਆਂ ਦੇ ਪਿੰਡ ਵਾਸਲ ਤੋਂ ਸਾਈਕਲ ਰਾਹੀਂ 1400 ਕਿਲੋਮੀਟਰ ਦਾ ਪੈਂਡਾ ਲਗਾਤਾਰ 10 ਦਿਨਾਂ 'ਚ ਤਹਿ ਕੀਤਾ ਅਤੇ ਅਪਣੇ ਸ਼ਹਿਰ ਪਹੁੰਚ ਗਿਆ।
ਉਹ ਉਥੇ ਕੰਬਾਇਨ ਚਾਲਕਾਂ ਨਾਲ ਗਿਆ ਹੋਇਆ ਸੀ। ਅਪਣੇ ਨਵੇਂ ਕਢਵਾਏ ਸਾਈਕਲ ਰਾਹੀਂ ਇਥੇ ਪੁੱਜ ਕੇ ਉਸ ਨੇ ਘਰ ਜਾਣ ਦੀ ਬਜਾਏ ਸਿਵਲ ਹਸਪਤਾਲ ਜਾਣਾ ਹੀ ਮੁਨਾਸਿਬ ਸਮਝਿਆ। 'ਰੋਜ਼ਾਨਾ ਸਪੋਕਸਮੈਨ' ਨਾਲ ਗੰਲਬਾਤ ਕਰਦਿਆਂ ਜਗਸੀਰ ਸਿੰਘ ਨੇ ਦਸਿਆ ਕਿ ਉਸ ਦਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਤਾਂ ਹੋਇਆ ਪਰ ਉਨ੍ਹਾਂ ਆਨਲਾਈਨ ਅਪਲਾਈ ਕਰਨ ਬਾਰੇ ਆਖਿਆ। ਆਨਲਾਈਨ ਅਪਲਾਈ ਕਰਨ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਰਹੀ, ਕਿਉਂਕਿ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਉਸ ਕੋਲ ਪੁੱਜੇ ਬਿਹਾਰ ਸਰਕਾਰ ਦੇ ਅਧਿਕਾਰੀਆਂ ਵਲੋਂ ਉਸ ਨੂੰ ਅਪਣਾ ਵਾਹਨ ਕਿਰਾਏ 'ਤੇ ਲੈ ਕੇ ਘਰ ਪਰਤਣ ਦੀ ਨਸੀਅਤ ਦਿਤੀ ਗਈ, ਪ੍ਰਾਈਵੇਟ ਗੱਡੀ ਦੇ ਚਾਲਕ ਵਲੋਂ 40,000 ਰੁਪਏ ਦੀ ਕੀਤੀ ਗਈ ਮੰਗ ਨੇ ਉਸ ਨੂੰ ਅੰਦਰੋਂ ਝੰਜੋੜ ਕੇ ਰੱਖ ਦਿਤਾ,
File photo
ਕਿਉਂਕਿ ਐਨਾ ਖਰਚਾ ਕਰਨਾ ਉਸ ਦੇ ਵਸੋਂ ਬਾਹਰ ਸੀ। ਰਸਤੇ ਵਿਚ ਕਿਤੇ ਖਾਣਾ ਮਿਲਿਆ ਤਾਂ ਮਹਿੰਗਾ ਅਤੇ ਉਹ ਵੀ ਬਾਸੀ। ਕਈ ਵਾਰ ਭੁੱਖੇ ਪਿਆਸੇ ਹੀ ਸਾਈਕਲ ਚਲਾਉਣ ਲਈ ਮਜ਼ਬੂਰ ਹੋਣਾ ਪਿਆ। ਸਟਾਫ਼ ਨਰਸ ਮੈਡਮ ਰਾਜਵਿੰਦਰ ਕੌਰ ਨੇ ਦਸਿਆ ਕਿ ਜਗਸੀਰ ਸਿੰਘ ਦੇ ਕੋਰੋਨਾ ਸੈਂਪਲ ਲਏ ਜਾਣਗੇ। ਮੇਜਰ ਅਮਿਤ ਸਰੀਨ ਐਸ.ਡੀ.ਐਮ. ਮੁਤਾਬਕ ਜਗਸੀਰ ਦੇ ਸੈਂਪਲ ਲੈਣ ਉਪਰੰਤ ਉਸ ਨੂੰ 14 ਦਿਨ ਲਈ ਇਕਾਂਤਵਾਸ ਕੀਤਾ ਜਾ ਰਿਹਾ ਹੈ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਸ ਘਟਨਾ ਨੂੰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਨਲਾਇਕੀ ਆਖਦਿਆਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਦੇਸ਼ ਦੇ ਹੋਰਨਾਂ ਰਾਜਾਂ ਤੋਂ ਸੁਰੱਖਿਅਤ ਲਿਆਉਣ ਦੀ ਜ਼ਿੰਮੇਵਾਰੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਹੁੰਦੀ ਹੈ।