
ਬਲੈਕ ਤੇ ਵ੍ਹਾਈਟ ਫ਼ੰਗਸ ਤੋਂ ਬਾਅਦ ਹੁਣ ਦੇਸ਼ ਵਿਚ 'ਯੈਲੋ ਫ਼ੰਗਸ' ਨੇ ਬੂਹਾ ਖੜਕਾਇਆ
ਗਾਜ਼ੀਆਬਾਦ ਵਿਚ ਮਿਲਿਆ 'ਯੈਲੋ ਫ਼ੰਗਸ' ਦਾ ਪਹਿਲਾ ਮਾਮਲਾ
ਨਵੀਂ ਦਿੱਲੀ, 24 ਮਈ : ਦੇਸ਼ ਵਿਚ ਫ਼ਗਸ ਦਾ ਦੁਰਲਭ ਮਾਮਲਾ ਸਾਹਮਣੇ ਆਇਆ ਹੈ | ਬਲੈਕ ਅਤੇ ਵ੍ਹਾਈਟ ਫ਼ੰਗਸ ਤੋਂ ਬਾਅਦ ਗਾਜ਼ੀਆਬਾਦ 'ਚ 'ਯੈਲੋ ਫ਼ੰਗਸ' ਨੇ ਦਸਤਕ ਦਿਤੀ ਹੈ | ਇਥੋਂ ਦੇ ਇਕ ਹਸਪਤਾਲ ਵਿਚ 35 ਸਾਲ ਦੇ ਇਕ ਸ਼ੱਕਰ ਰੋਗ ਨਾਲ ਪੀੜਤ ਮਰੀਜ਼ ਵਿਚ ਤਿੰਨਾਂ ਫ਼ੰਗਸਾਂ ਦੇ ਲੱਛਣ ਮਿਲੇ ਹਨ, ਜੋ ਦੇਸ਼ ਵਿਚ ਅਜਿਹਾ ਪਹਿਲਾ ਮਾਮਲਾ ਹੈ | ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ | ਮਰੀਜ਼ ਨੂੰ ਦੋ ਦਿਨ ਪਹਿਲਾਂ ਆਰਡੀਸੀ ਦੇ ਹਰਸ਼ ਈਐਨਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ | ਸੰਜੈ ਨਗਰ ਵਾਸੀ ਕੁੰਵਰ ਸਿੰਘ ਨੂੰ ਵੀ ਪਹਿਲਾਂ ਕੋਰੋਨਾ ਹੋਇਆ ਸੀ | ਹਸਪਤਾਲ ਦੇ ਨਿਰਦੇਸ਼ਕ ਡਾ. ਬੀਪੀ ਤਿਆਗੀ ਨੇ ਦਸਿਆ ਕਿ 'ਯੈਲੋ ਫ਼ੰਗਸ ਕਿਰਲੀ 'ਚ ਪਾਇਆ ਜਾਂਦਾ ਹੈ | ਇਸ ਤੋਂ ਪਹਿਲਾਂ ਇਨਸਾਨਾਂ 'ਚ ਇਹ ਫ਼ੰਗਸ ਮਿਲਣ ਦਾ ਕੋਈ ਰਿਕਾਰਡ ਨਹੀਂ ਹੈ |
'ਯੈਲੋ ਫ਼ੰਗਸ', ਵੱਧ ਖ਼ਤਰਨਾਕ ਹੈ ਅਤੇ ਘਾਤਕ ਬਿਮਾਰੀਆਂ 'ਚੋਂ ਇਕ ਹੈ | ਇਸ ਨਾਲ ਪਹਿਲਾਂ ਸਰੀਰ ਅੰਦਰੋਂ ਕਮਜ਼ੋਰ ਹੁੰਦਾ ਹੈ | ਜਿਵੇਂ-ਜਿਵੇਂ ਫ਼ੰਗਸ ਦਾ ਪ੍ਰਭਾਵ ਵਧਦਾ ਜਾਂਦਾ ਹੈ, ਮਰੀਜ਼ ਦਾ ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਕਾਫੀ ਘਾਤਕ ਹੋ ਜਾਂਦਾ ਹੈ | ਜੇ ਇਸ ਸਮੇਂ ਦੌਰਾਨ ਕਿਸੇ ਨੂੰ ਜ਼ਖ਼ਮ ਹੁੰਦਾ ਹੈ ਤਾਂ ਉਸ ਵਿਚੋਂ ਪਸ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਅਤੇ ਜ਼ਖ਼ਮ ਬਹੁਤ ਹੌਲੀ ਠੀਕ ਹੁੰਦਾ ਹੈ | ਇਸ ਸਮੇਂ ਦੌਰਾਨ, ਰੋਗੀ ਦੀਆਂ ਅੱਖਾਂ ਧੱਸ ਜਾਂਦੀਆਂ ਹਨ ਅਤੇ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ |
ਬਲੈਕ ਅਤੇ ਵ੍ਹਾਈਟ ਫ਼ੰਗਸ ਵਾਂਗੂ ਇਹ ਸਰੀਰ ਦੇ ਹਿੱਸੇ ਨੂੰ ਗਲਾਉਂਦਾ ਨਹੀਂ ਹੈ, ਬਲਕਿ ਜ਼ਖ਼ਮ ਕਰਦਾ ਹੈ, ਜਿਸ ਨੂੰ ਭਰਨ 'ਚ ਕਾਫ਼ੀ ਸਮਾਂ ਲਗਦਾ ਹੈ | ਇਸ ਦੇ ਮਰੀਜ਼ ਨੂੰ ਵੀ ਐਂਫ਼ੋਟੇਰਿਸੀਨ ਇੰਜੈਕਸ਼ਨ ਦਿਤਾ ਜਾਂਦਾ ਹੈ ਅਤੇ ਸਰਜਰੀ ਕੀਤੀ ਜਾਂਦੀ ਹੈ | ਡਾਕਟਰਾਂ ਮੁਤਾਬਕ ਯੈਲੋ ਫ਼ੰਗਸ ਦਾ ਕਾਰਨ ਗੰਦਗੀ ਹੈ | ਇਸ ਲਈ ਅਪਣੇ ਘਰ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖੋ | ਸਾਫ਼-ਸਫ਼ਾਈ ਹੀ ਇਸ ਬੈਕਟੀਰੀਆ ਅਤੇ ਫ਼ੰਗਸ ਨੂੰ ਰੋਕਣ 'ਚ ਮਦਦ ਕਰੇਗਾ | (ਏਜੰਸੀ)