
ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਅਤਿਵਾਦੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ ਬਠਿੰਡਾ ਪੁਲਿਸ
ਬਠਿੰਡਾ, 24 ਮਈ (ਬਲਵਿੰਦਰ ਸ਼ਰਮਾ) : ਬੀਤੀ ਦਿਨੀਂ ਮੋਗਾ ਪੁਲਸ ਵਲੋਂ ਫੜੇ ਗਏ ਖ਼ਾਲਿਸਤਾਨ ਟਾਇਗਰ ਫ਼ੋਰਸ ਦੇ ਅਤਿਵਾਦੀਆਂ ਲਵਪ੍ਰੀਤ ਸਿੰਘ ਰਵੀ ਅਤੇ ਰਾਮ ਸਿੰਘ ਸੋਨੂੰ ਨੂੰ ਹੁਣ ਬਠਿੰਡਾ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ। ਜਿਨ੍ਹਾਂ ਵਲੋਂ ਭਗਤਾ ਭਾਈ ‘ਚ ਗੋਲੀਆਂ ਮਾਰ ਕੇ ਇਕ ਡੇਰਾ ਪ੍ਰੇਮੀ ਦਾ ਕਤਲ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ 2015 ’ਚ ਹੋਈਆਂ ਬੇਅਦਬੀਆਂ ਦੇ ਮਾਮਲੇ ਸੰਬੰਧੀ ਪੁਲਸ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਕਈ ਪ੍ਰੇਮੀਆਂ ਨੂੰ ਨਾਮਜਦ ਕੀਤਾ ਹੋਇਆ ਹੈ, ਜਿਨ੍ਹਾਂ ਵਿਚ ਮੁੱਖ ਮੁਲਜ਼ਮ ਜਤਿੰਦਰਵੀਰ ਜਿੰਮੀ ਪੁੱਤਰ ਮਨੋਹਰ ਲਾਲ ਅਰੋੜ ਵਾਸੀ ਭਗਤਾ ਭਾਈ ਹੈ। ਮਨੋਹਰ ਲਾਲ ਅਰੋੜਾ ਦਾ ਭਗਤਾ ਭਾਈ ’ਚ ਮਨੀ ਐਕਸਚੇਂਜ ਦਾ ਕੰਮ ਸੀ। ਜੋ ਕਿ ਡੇਰਾ ਸਿਰਸਾ ਦੀ 25 ਮੈਂਬਰੀ ਕਮੇਟੀ ਦੇ ਮੈਂਬਰ ਵੀ ਸਨ। ਬੀਤੀ 20 ਨਵੰਬਰ ਨੂੰ ਦੋ ਨਕਾਬਪੋਸ਼ ਨੌਜ਼ਵਾਨਾਂ ਨੇ ਭਗਤਾ ਭਾਈ ’ਚ ਮਨੋਹਰ ਲਾਲ ਅਰੋੜ ਦੀ ਦੁਕਾਨ ’ਤੇ ਪਹੁੰਚ ਕੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਲੈ ਲਈ ਸੀ।
23 ਮਈ ਨੂੰ ਮੋਗਾ ਪੁਲਸ ਨੇ ਲਵਪ੍ਰੀਤ ਸਿੰਘ ਤੇ ਰਾਮ ਸਿੰਘ ਨੂੰ ਮੋਗਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਦਾ ਪੁਲਸ ਰਿਮਾਂਡ ਲਿਆ ਹੋਇਆ ਹੈ। ਇਨ੍ਹਾਂ ਨਾਲ ਕੇ.ਟੀ.ਐੱਫ. ਦਾ ਹੀ ਇਕ ਹੋਰ ਅੱਤਵਾਦੀ ਕਮਲਜੀਤ ਸ਼ਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜੋ ਇਕ ਹੋਰ ਡੇਰਾ ਪ੍ਰੇਮੀ ਦਾ ਕਤਲ ਉਲੀਕ ਰਹੇ ਸਨ। ਇਨ੍ਹਾਂ ਪਾਸੋਂ 32 ਬੋਰ ਦੇ ਤਿੰਨ ਪਿਸਤੌਲ, 315 ਬੋਰ ਦਾ ਇਕ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਸਨ। ਇਸ ਸੰਬੰਧੀ ਡੀ.ਜੀ.ਪੀ. ਪੰਜਾਬ ਵੀ ਬਿਆਨ ਦੇ ਚੁੱਕੇ ਹਨ ਕਿ ਕਨੇਡਾ ’ਚ ਬੈਠੇ ਕੇ.ਟੀ.ਐੱਫ. ਦੇ ਮੁਖੀ ਦੇ ਹਰਦੀਪ ਸਿੰਘ ਨਿੱਜਰ ਦੇ ਇਸ਼ਾਰੇ ’ਤੇ ਭਗਤਾ ’ਚ ਮਨੋਹਰ ਲਾਲ ਅਰੋੜਾ ਦਾ ਕਤਲ ਵੀ ਉਕਤ ਦੋਵਾਂ ਨੇ ਹੀ ਕੀਤਾ ਸੀ।
ਭਗਤਾ ਭਾਈ ਕਤਲ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਤਰਜਿੰਦਰ ਸਿੰਘ ਇੰਚਾਰਜ਼ ਸਪੈਸ਼ਲ ਫੋਰਸ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਤੇ ਰਾਮ ਸਿੰਘ ਫਿਲਹਾਲ ਮੋਗਾ ਪੁਲਸ ਦੇ ਰਿਮਾਂਡ ’ਤੇ ਹਨ। ਜਿਉਂ ਹੀ ਉਨ੍ਹਾਂ ਦਾ ਰਿਮਾਂਡ ਖਤਮ ਹੁੰਦਾ ਹੈ, ਤਿਉਂ ਹੀ ਅਦਾਲਤ ’ਚ ਅਰਜ਼ੀ ਦੇ ਕੇ ਇਨ੍ਹਾਂ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਲਿਆਂਦਾ ਜਾਵੇਗਾ ਤੇ ਕਤਲ ਸੰਬੰਧੀ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਫੋਟੋ: 24ਬੀਟੀਡੀ4
ਲਵਪ੍ਰੀਤ ਸਿੰਘ ਤੇ ਰਾਮ ਸਿੰਘ