
ਪੰਜਾਬ ਸਰਕਾਰ ਵਲੋਂ ਬਕਾਏ ਦੀ ਅਦਾਇਗੀ ਗੰਨਾ ਕਾਸ਼ਤਕਾਰਾਂ ਨੂੰ 100 ਕਰੋੜ ਰੁਪਏ ਜਾਰੀ : ਰੰਧਾਵਾ
ਕੇਂਦਰ ਸਰਕਾਰ ਵਲ 41 ਕਰੋੜ ਦੇ ਬਕਾਏ ਖੜੇ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਅਪਣੇ ਪੱਧਰ ’ਤੇ ਕੀਤਾ ਪ੍ਰਬੰਧ
ਚੰਡੀਗੜ੍ਹ, 25 ਮਈ (ਸੱਤੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਤੇ ਸਹਿਕਾਰੀ ਖੰਡ ਮਿੱਲਾਂ ਵਲੋੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੀ ਅਦਾਇਗੀ ਲਈ 100 ਕਰੋੋੜ ਦੀ ਰਕਮ ਗੰਨਾ ਕਾਸ਼ਤਕਾਰਾਂ ਨੂੰ ਜਾਰੀ ਕਰ ਦਿਤੀ ਗਈ ਹੈ। ਇਹ ਪ੍ਰਗਟਾਵਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਨੋਟ ਵਿਚ ਕੀਤਾ।
ਸ. ਰੰਧਾਵਾ ਨੇ ਦਸਿਆ ਕਿ ਸਹਿਕਾਰੀ ਖੰਡ ਮਿੱਲਾਂ ਵਲੋੋਂ ਗੰਨਾ ਕਾਸ਼ਤਕਾਰਾਂ ਦੀ 2019-20 ਅਤੇ 2020-21 ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਸਰਕਾਰ ਵਲੋੋਂ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਇਹ ਰਾਸ਼ੀ ਅੱਜ ਹੀ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਤਬਦੀਲ ਕਰ ਦਿਤੀ ਜਾਵੇਗੀ। ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਵਲੋੋਂ ਸਹਿਕਾਰੀ ਖੰਡ ਮਿੱਲਾਂ ਦੀ ਸਾਲ 2019-20 ਦੀ ਬਰਾਮਦ ਸਬਸਿਡੀ ਦੀ ਲਗਭਗ 31 ਕਰੋੜ ਰੁਪਏ ਅਤੇ ਬਫ਼ਰ ਸਟਾਕ ਸਬਸਿਡੀ ਦੀ ਲਗਭਗ 10 ਕਰੋੋੜ ਰੁਪਏ ਦੀ ਅਦਾਇਗੀ ਅਜੇ ਤਕ ਜਾਰੀ ਨਾ ਕੀਤੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵਲੋੋਂ ਝੋੋਨੇ ਦੀ ਬਿਜਾਈ ਨੂੰ ਮੁੱਖ ਰਖਦੇ ਹੋੋਏ ਅਪਣੇ ਪੱਧਰ ’ਤੇ 100 ਕਰੋੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਸ. ਰੰਧਾਵਾ ਨੇ ਦਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਬਕਾਇਆ ਰਾਸ਼ੀ ਦੀ ਮੁਕੰਮਲ ਅਦਾਇਗੀ ਲਈ ਸਰਕਾਰ ਵਲੋੋਂ ਸਾਲ 2021-22 ਦੇ ਬਜਟ ਵਿਚ 300 ਕਰੋੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਦੀ ਖੰਡ ਬਰਾਮਦ ਸਬਸਿਡੀ ਅਤੇ ਬਫ਼ਰ ਸਟਾਕ ਕਲੇਮ ਵਜੋੋਂ ਬਣਦੀ ਲਗਭਗ 41 ਕਰੋੜ ਰੁਪਏ ਦੀ ਜਲਦੀ ਅਦਾਇਗੀ ਲਈ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਗੰਨੇ ਦੀ ਕੁਲ ਬਕਾਇਆ ਅਦਾਇਗੀ ਛੇਤੀ ਤੋਂ ਛੇਤੀ ਕੀਤੀ ਜਾ ਸਕੇ।