
ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਮਿਲਣ ਦੀਆਂ ਕਾਰਵਾਈਆਂ ਆਖ਼ਰੀ ਪੜਾਅ 'ਤੇ
ਆਉਂਦੇ ਛੇ ਮਹੀਨੇ ਹੋਣਗੇ ਅਹਿਮ
ਰੋਮ ਇਟਲੀ, 24 ਮਈ (ਚੀਨੀਆ): ਸੰਨ 2015 ਨੂੰ ਹੋਂਦ ਵਿਚ ਆਈ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਇਟਲੀ ਵਲੋਂ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪਿਛਲੇ ਪੰਜ ਛੇ ਸਾਲ ਕੀਤੀ ਜਾ ਰਹੀ ਮਿਹਨਤ ਨੂੰ ਬੂਰ ਪੈਂਦਾ ਨਜ਼ਰੀ ਆ ਰਿਹਾ ਹੈ | ਇਟਾਲੀਅਨ ਗ੍ਰਹਿ ਮੰਤਰਾਲੇ ਕੋਲ ਲੱਗੀ ਰਜਿਸਟ੍ਰੇਸ਼ਨ ਫ਼ਾਈਲ ਅਪਣੇ ਆਖ਼ਰੀ ਪੜਾਅ 'ਤੇ ਪਹੁੰਚ ਚੁੱਕੀ ਹੈ |
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨੇ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੁੱਜੇ ਨੁਮਾਇੰਦਿਆਂ ਨੂੰ ਗੁਰਦੁਆਰਾ ਸਿੰਘ ਸਭਾ ਬਲੋਨੀਆ ਵਿਖੇ ਹੋਈ ਸਰਬਸਾਂਝੀ ਕਨਵੈਨਸ਼ਨ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਵਲੋਂ ਸਰਕਾਰ ਨੂੰ ਲੋੜੀਂਦੇ ਕਾਗ਼ਜ਼ ਪੱਤਰ ਤਿਆਰ ਕਰ ਕੇ ਜਿਹੜੀ ਫ਼ਾਈਲ ਗ੍ਰਹਿ ਮੰਤਰਾਲੇ ਨੂੰ ਦਿਤੀ ਗਈ ਸੀ ਉੁਹ ਬਿਲਕੁਲ ਅਪਣੇ ਆਖ਼ਰੀ ਪੜਾਅ ਤਕ ਪਹੁੰਚ ਚੁਕੀ ਹੈ | ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਕਾਰਜ ਤੇ ਪਿਛਲੇ ਪੰਜ ਸਾਲਾਂ ਤੋਂ ਕੋਈ 200 ਸੋ ਤੋਂ ਵੱਧ ਸਰਕਾਰੀ ਕਰਮਚਾਰੀਆਂ ਸਮੇਤ ਬਹੁਤ ਸਾਰੇ ਸਿੱਖ ਆਗੂਆਂ ਵਲੋਂ ਸੰਵਿਧਾਨ ਬਣਾਉਣ ਲਈ ਯੋਗਦਾਨ ਪਾ ਦਿਤਾ ਗਿਆ ਹੈ | ਇਟਲੀ ਦੀ ਇਕ ਹੋਰ ਸੰਸਥਾ ਵਲੋਂ ਧਰਮ ਰਜਿਸਟੇਸ਼ਨ ਦੀ ਫ਼ਾਈਲ ਲਾਉਣ ਸਬੰਧੀ ਆਖਿਆ ਕਿ ਇਟਲੀ ਦੇ ਸਿੱਖਾਂ ਨੂੰ ਬੜੇ ਥੋੜ੍ਹੇ ਸਮੇਂ ਵਿਚ ਫ਼ਤਿਹ ਮਿਲਣ ਵਾਲੀ ਹੈ | ਜੇ ਅਜਿਹੇ ਵਿਚ ਕੋਈ ਹੋਰ ਫ਼ਾਈਲ ਖੁਲ੍ਹਦੀ ਹੈ ਤਾਂ ਸਿੱਖਾਂ ਦਾ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਦਾ ਸ਼ਾਇਦ ਸਾਡੇ ਆਗੂਆਂ ਨੂੰ ਅੰਦਾਜ਼ਾ ਵੀ ਨਹੀਂ ਹੋ ਸਕਦਾ |