
Punjab Weather Update: ਲੁਧਿਆਣਾ ’ਚ ਤੇਜ਼ ਹਵਾਵਾਂ ਕਾਰਨ ਡਿੱਗੀ ਕੰਧ, ਇਕ ਦੀ ਮੌਤ ਤੇ ਇਕ ਜ਼ਖ਼ਮੀ
Punjab Weather Update News in punjabi: ਪੰਜਾਬ ਵਿਚ ਕੱਲ੍ਹ ਮੌਸਮ ਨੇ ਦੁਪਹਿਰ ਬਾਅਦ ਅਚਾਨਕ ਅਪਣਾ ਮਿਜਾਜ਼ ਬਦਲ ਲਿਆ। ਜਲੰਧਰ, ਅੰਮ੍ਰਿਤਸਰ, ਬਠਿੰਡਾ, ਤਰਨਤਾਰਨ ਸਣੇ ਕਈ ਇਲਾਕਿਆਂ ਵਿਚ ਜਿੱਥੇ ਤੇਜ਼ ਹਨੇਰੀ-ਝੱਖੜ ਨੇ ਤਬਾਹੀ ਮਚਾਈ, ਉਥੇ ਹੀ ਜਲੰਧਰ ਦੇ ਕੰਪਨੀ ਬਾਗ ਦੇ ਬਾਹਰ ਲੱਗਾ ਲੋਹੇ ਦਾ ਪੋਲ ਹਨੇਰੀ ਕਾਰਨ ਹੇਠਾਂ ਡਿੱਗ ਹਿਆ। ਗਮੀਨਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਕ ਕਾਰ ਨੁਕਸਾਨੀ ਗਈ ਹੈ।
ਇਕ ਪਾਸੇ ਲੁਧਿਆਣਾ ’ਚ ਬਦਲੇ ਮੌਸਮ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਦੇ ਨਾਲ ਹੀ, ਤੇਜ਼ ਤੂਫ਼ਾਨ ਨੇ ਕਈਆਂ ਨੂੰ ਨੁਕਸਾਨ ਪਹੁੰਚਾਇਆ। ਸ਼ਹਿਰ ਦੇ ਕਈ ਵੱਡੇ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਤ ਹੋਈ। ਇਕ ਜਗ੍ਹਾ ’ਤੇ ਕੰਧ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ, ਤੇਜ਼ ਤੂਫ਼ਾਨ ਕਾਰਨ ਨਾਨਕ ਨਗਰ ਵਿਚ ਇਕ ਇਮਾਰਤ ਦੇ ਕੋਲ ਦੋ ਨੌਜਵਾਨ ਖੜੇ ਸਨ। ਇਮਾਰਤ ਦੀ ਕੰਧ ਅਚਾਨਕ ਉਨ੍ਹਾਂ ਉੱਤੇ ਡਿੱਗ ਪਈ। ਇਕ ਵਿਅਕਤੀ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਹਨ ਜਦੋਂ ਕਿ ਦੂਜਾ ਵਿਅਕਤੀ ਵੀ ਜ਼ਖ਼ਮੀ ਹੋਇਆ। ਦੋਵੇਂ ਜ਼ਖ਼ਮੀਆਂ ਨੂੰ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ।
ਉਥੇ ਹੀ ਹਨੇਰੀ ਕਾਰਨ ਬਠਿੰਡਾ ਵਿਖੇ ਵੀ ਭਾਰੀ ਤਬਾਹੀ ਹੋਈ। ਅਚਾਨਕ ਚੱਲੀ ਤੇਜ਼ ਹਵਾ ਨਾਲ ਨਾ ਸਿਰਫ਼ ਬਿਜਲੀ ਦੀ ਲਾਈਨ ਠੱਪ ਹੋ ਗਈ, ਸਗੋਂ ਪੂਰੇ ਇਲਾਕੇ ਵਿਚ ਹਨੇਰਾ ਛਾ ਗਿਆ। ਦਰਜਨਾਂ ਦਰੱਖ਼ਤ ਜ਼ਮੀਨ ’ਤੇ ਢਹਿ ਪਏ, ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਚਸ਼ਮਦੀਦਾਂ ਅਨੁਸਾਰ ਹਨ੍ਹੇਰੀ ਇੰਨੀ ਤੇਜ਼ ਸੀ ਕਿ ਕਈ ਛੱਤਾਂ ਅਤੇ ਟੀਨ ਉੱਡ ਕੇ ਦੂਰ ਜਾ ਡਿੱਗੇ। ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਅਤੇ ਲੋਕ ਘਰਾਂ ’ਚ ਕੈਦ ਹੋ ਕੇ ਰਹਿ ਗਏ। ਬਜ਼ੁਰਗਾਂ ਅਤੇ ਬੱਚਿਆਂ ਨੂੰ ਖ਼ਾਸ ਤਕਲੀਫ਼ ਦਾ ਸਾਹਮਣਾ ਕਰਨਾ ਪਿਆ।
ਹਸਪਤਾਲ, ਪਾਣੀ ਸਪਲਾਈ ਅਤੇ ਹੋਰ ਲੋੜੀਂਦੀਆਂ ਸੇਵਾਵਾਂ ’ਤੇ ਵੀ ਹਨੇਰੀ ਦੇ ਗੰਭੀਰ ਅਸਰ ਪਏ ਹਨ। ਇਲਾਕੇ ਦੇ ਨਿਗਮ ਅਤੇ ਬਿਜਲੀ ਵਿਭਾਗ ਵਲੋਂ ਬਿਜਲੀ ਬਹਾਲੀ ਅਤੇ ਸਫ਼ਾਈ ਦੇ ਕੰਮ ਜਾਰੀ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹੁਣ ਤਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਪਰ ਵੱਡੇ ਪੱਧਰ ’ਤੇ ਨੁਕਸਾਨ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।