
ਗ੍ਰੰਥੀ ਨੇ ਪਿਉ-ਧੀ ਦਾ ਰਿਸ਼ਤਾ ਕੀਤਾ ਸ਼ਰਮਸਾਰ
ਨਾਭਾ, 24 ਜੂਨ (ਬਲਵੰਤ ਹਿਆਣਾ) : ਥਾਣਾ ਭਾਦਸੋਂ ਪੁਲਿਸ ਨੇ ਨਾਭਾ ਇਲਾਕੇ ਦੇ ਇਕ ਪ੍ਰਸਿੱਧ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਵਜੋਂ ਕੰਮ ਕਰਦੇ ਲਾਗਲੇ ਪਿੰਡ ਦੇ ਕ੍ਰਿਸ਼ਨ ਸਿੰਘ ਨੂੰ ਅਪਣੀ ਹੀ 11 ਸਾਲਾ ਨਾਬਾਲਗ਼ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਉਹ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਅਪਣੀ ਲੜਕੀ ਨਾਲ ਇਹ ਦੁਸ਼ਕਰਮ ਕਰਦਾ ਆ ਰਿਹਾ ਸੀ। ਦੋਸ਼ੀ ਕ੍ਰਿਸ਼ਨ ਦੀ ਪਤਨੀ ਅਤੇ ਪੀੜਤਾ ਦੀ ਮਾਂ ਵਲੋਂ ਭਾਦਸੋਂ ਪੁਲਿਸ ਨੂੰ ਦਿਤੇ ਬਿਆਨ ਮੁਤਾਬਕ ਪੀੜਤਾ ਹਾਲੇ 7 ਸਾਲ ਦੀ ਸੀ, ਜਦੋਂ ਤੋਂ ਉਹ ਅਪਣੇ ਕਲਯੁਗੀ ਪਿਉ ਵਲੋਂ ਉਸ ਨਾਲ ਗ਼ਲਤ ਕੰਮ ਕੀਤੇ ਜਾਣ ਦੀ ਸ਼ਿਕਾਇਤ ਕਰਦੀ ਆ ਰਹੀ ਹੈ। ਪਿਉ ਵਲੋਂ ਹਰ ਵਾਰ ਪੀੜਤਾ ਅਤੇ ਉਸ ਦੀ ਮਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਸਨ, ਜਿਸ ’ਤੇ ਉਹ ਕੋਈ ਸਹਾਰਾ ਨਾ ਹੋਣ ਕਾਰਨ ਹਰ ਵਾਰ ਮੌਤ ਅਤੇ ਬਦਨਾਮੀ ਦੇ ਡਰੋਂ ਇਸ ਘਿਨਾਉਣੇ ਕੰਮ ਨੂੰ ਜ਼ਮਾਨੇ ਤੋਂ ਲੁਕਾਉਂਦੀ ਰਹੀ।
ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਅੰਤ ਵਿਚ ਉਸ ਨੇ ਇਸ ਘਿਨਾਉਣੇ ਕੰਮ ਬਾਰੇ ਗੋਬਿੰਦਨਗਰ ਨਾਭਾ ਵਿਖੇ ਰਹਿੰਦੀ ਅਪਣੀ ਸੱਸ ਤੇ ਦਿਉਰ ਨੂੰ ਦਸਿਆ ਜਿਨ੍ਹਾਂ ਦੀ ਮਦਦ ਨਾਲ ਥਾਣਾ ਭਾਦਸੋਂ ਨੂੰ ਮਾਮਲੇ ਬਾਰੇ ਜਾਣਕਾਰੀ ਦਿਤੀ। ਥਾਣਾ ਭਾਦਸੋਂ ਦੀ ਪੁਲਿਸ ਵਲੋਂ ਇਸ ਮਾਮਲੇ ਦੀ ਤਫ਼ਤੀਸ਼ ਲਈ ਨਿਯੁਕਤ ਸਬ ਇੰਸਪੈਕਟਰ ਪ੍ਰਦੀਪ ਕੌਰ ਦੀ ਦੇਖ-ਰੇਖ ’ਚ ਲੜਕੀ ਦੀ ਡਾਕਟਰੀ ਜਾਂਚ ਕਰਵਾਈ ਗਈ, ਜਿਸ ਵਿਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਥਾਣਾ ਭਾਦਸੋਂ ਦੇ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਨੇ ਦਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਜਬਰ ਜਨਾਹ ਦੇ ਦੋਸ਼ੀ ਕ੍ਰਿਸ਼ਨ ਸਿੰਘ ਵਿਰੁਧ ਧਾਰਾ 376ਏ, ਬੀ, 506 ਅਤੇ ਜਿਨਸੀ ਅਪਰਾਧ ਤੋਂ ਬੱਚਿਆਂ ਦੀ ਸੁਰੱਖਿਆ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।