
ਪੀੜ੍ਹੀ ਦਰ ਪੀੜ੍ਹੀ ਲੋਕ ਦਿਲਾਂ ’ਤੇ ਰਾਜ ਕਰਦੇ ਰਹਿਣਗੇ : ਬੀਬੀ ਕਿਰਨਜੋਤ ਕੌਰ
ਅੰਮਿ੍ਰਤਸਰ, 24 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਸਰਕਾਰ ਵਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਅੱਜ ਬੜੀ ਹੀ ਸਾਦਗੀ ਢੰਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਰਾਜ ਪਧਰੀ ਸਮਾਗਮ ਮਨਾਇਆ ਗਿਆ। ਰਾਜ ਪਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਸਰਕਾਰ ਵਲੋਂ ਜੰਗ-ਏ-ਆਜ਼ਾਦੀ ਮਿਊਜ਼ੀਅਮ ਵਿਖੇ ਮਾਸਟਰ ਤਾਰਾ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ ਜਿਥੇ ਉਨ੍ਹਾਂ ਦੀਆਂ ਯਾਦਗਾਰੀ ਵਸਤੂਆਂ ਨੂੰ ਰਖਿਆ ਜਾਵੇਗਾ।
ਇਸ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕਰ ਲਈ ਗਈ ਹੈ। ਮਾਸਟਰ ਤਾਰਾ ਸਿੰਘ ਦੇ ਪਰਿਵਾਰਕ ਮੈਂਬਰ ਸ੍ਰੀਮਤੀ ਕਿਰਨਜੋਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਪੰਥ ਦੇ ਉਹ ਆਗੂ ਸਨ, ਜੋ ਪੀੜ੍ਹੀ ਦਰ ਪੀੜ੍ਹੀ ਲੋਕ ਦਿਲਾਂ ’ਤੇ ਰਾਜ ਕਰਦੇ ਰਹਿਣਗੇ। ਮਾਸਟਰ ਤਾਰਾ ਸਿੰਘ ਨੇ ਹਮੇਸ਼ਾ ਹੀ ਦੇਸ਼ ਅਤੇ ਧਰਮ ਦੀ ਖ਼ਾਤਰ ਅਪਣੀ ਜ਼ਿੰਦਗੀ ਬਸਰ ਕੀਤੀ ਹੈ। ਮਾਸਟਰ ਤਾਰਾ ਨੇ ਬਿਨਾਂ ਕਿਸੇ ਲਾਲਚ ’ਤੇ ਅਪਣੇ ਆਪ ਨੂੰ ਸਿਆਸਤ ਦੇ ਨਾਲ-ਨਾਲ ਧਰਮ ਨੂੰ ਵੀ ਜੋੜੀ ਰੱਖਿਆ ਹੈ।
File Photo
ਪਰਿਵਾਰਕ ਮੈਂਬਰ ਪ੍ਰੋ: ਜਸਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਇਕ ਰਾਜਨੀਤਕ, ਧਾਰਮਕ ਤੋਂ ਇਲਾਵਾ ਇਕ ਚੰਗੇ ਲੇਖਕ ਵੀ ਸਨ। ਉਨ੍ਹਾਂ ਕਿਹਾ ਕਿ ਉਹ ਕੌਮ ਦੇ ਅਜਿਹੇ ਆਗੂ ਸਨ, ਜਿਨ੍ਹਾਂ ਨੇ ਸਾਰੀ ਉਮਰ ਪੰਥ ਦੇ ਭਲੇ ਅਤੇ ਇਕਜੁਟਤਾ ਲਈ ਕੰਮ ਕੀਤਾ ਅਤੇ ਅਪਣਾ ਨਿਜ ਤਿਆਗ ਦਿਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮਾਸਟਰ ਤਾਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ।