
ਕਿਹਾ, ਪੰਜਾਬ ਸਰਕਾਰ ਨੇ 2017 ਵਿਚ ਖੁਦ ਪਾਸ ਕੀਤਾ ਸੀ, ਸਿੱਧੀ ਖ਼ਰੀਦ ਬਾਰੇ ਐਕਟ!
ਚੰਡੀਗੜ੍ਹ : ਬੀਤੇ ਕਲ੍ਹ ਪੰਜਾਬ ਸਰਕਾਰ ਵਲੋਂ ਕਿਸਾਨੀ ਫ਼ਸਲਾਂ ਦੀ ਖ਼ਰੀਦ ਦੇ ਨਵੇਂ ਸਿਸਟਮ 'ਤੇ ਬਹਿਸ ਕਰਨ ਲਈ ਸੱਦੀ ਸਰਬ ਪਾਰਟੀ ਬੈਠਕ ਇਕ ਸਿਆਸੀ ਪੈਂਤੜਾ ਸੀ ਅਤੇ ਕੇਂਦਰ ਵਲੋਂ ਜਾਰੀ 3 ਆਰਡੀਨੈਂਸਾਂ ਦੇ ਪੰਜਾਬ ਦੇ ਕਿਸਾਨੀ ਨੂੰ ਹੋਣ ਵਾਲੇ ਨੁਕਸਾਨਾਂ ਜਾਂ ਮਾੜੇ ਪ੍ਰਭਾਵਾਂ 'ਤੇ ਚਰਚਾ ਕਰਨ ਦੀ ਥਾਂ ਕੇਵਲ ਇਕ ਮਤਾ ਕੇਂਦਰ ਸਰਕਾਰ ਵਿਰੁਧ ਭੇਜਣ ਨਾਲ ਹੀ ਨਿਬੜ ਗਈ।
Sukhbir Badal
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਐਮ.ਪੀ. ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੀਡੀਆ ਸਾਹਮਣੇ ਇਸ ਵੀਡੀਉ ਬੈਠਕ ਦਾ ਸਬੂਤ ਪੇਸ਼ ਕਰਦਿਆਂ ਸਪਸ਼ਟ ਰੂਪ ਵਿਚ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਮੰਡੀਆਂ ਸਥਾਪਤ ਕਰਨ, ਕਿਸਾਨਾਂ ਤੋਂ ਸਿੱਧੀ ਖ਼ਰੀਦ ਕਰਨ, ਈ ਟਰੇਡਿੰਗ ਅਤੇ ਸੂਬੇ ਵਿਚ ਇਕ ਲਾਇਸੈਂਸ ਪ੍ਰਣਾਲੀ ਸਥਾਪਤ ਕਰਨ ਵਾਲਾ ਐਕਟ 3 ਸਾਲ ਪਹਿਲਾਂ 14 ਅਗੱਸਤ 2017 ਨੂੰ ਪਾਸ ਕੀਤਾ ਹੋਇਆ ਹੈ ਅਤੇ ਕੇਂਦਰ ਸਰਕਾਰ ਦੇ ਨਵੇਂ 3 ਆਰਡੀਨੈਂਸ ਵੀ ਪ੍ਰਾਈਵੇਟ ਕੰਪਨੀਆਂ, ਵੱਡੇ ਵਪਾਰੀਆਂ ਅਤੇ ਹੋਰ ਟਰੇਡਰਾਂ ਨੂੰ ਕਿਸਾਨਾਂ ਤੋਂ ਸਿੱਧੀ ਫ਼ਸਲ ਖ਼ਰੀਦਣ ਦੀ ਇਜਾਜ਼ਤ ਦਿੰਦੇ ਹਨ। ਇਸ ਦੇ ਨਾਲ-ਨਾਲ ਕਿਸਾਨ ਖ਼ੁਦ ਵੀ ਜਿਥੇ ਚਾਹੇ ਅਪਣੀ ਫ਼ਸਲ ਮੰਡੀ ਵਿਚ ਜਾਂ ਇਸ ਤੋਂ ਬਾਹਰ ਵੇਚ ਸਕਦਾ ਹੈ।
Sukhbir Singh Badal
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਬ ਪਾਰਟੀ ਪੰਜਾਬ ਦੇ ਲੋਕਾਂ ਦੇ ਹਿਤਾਂ ਵਾਸਤੇ ਬੁਲਾਈ ਜਾਂਦੀ ਹੈ ਅਤੇ ਕੇਂਦਰ ਦੇ ਤਾਜ਼ਾ ਜਾਰੀ ਆਰਡੀਨੈਂਸਾਂ ਵਿਚ ਕਿਤੇ ਵੀ ਕਿਸਾਨੀ ਹਿਤਾਂ ਨੂੰ ਢਾਹ ਨਹੀਂ ਲੱਗ ਰਹੀ, ਨਾ ਹੀ ਐਮ.ਐਸ.ਪੀ. ਬੰਦ ਕੀਤੀ ਗਈ ਹੈ ਅਤੇ ਨਾ ਹੀ ਸਰਕਾਰੀ ਖ਼ਰੀਦ ਰੋਕਣ ਵਾਸਤੇ ਕੋਈ ਹੁਕਮ ਜਾਰੀ ਹੋਇਆ। ਬੀਤੇ ਕਲ੍ਹ ਦੀ ਵੀਡੀਉ ਦਿਖਾਉਂਦੇ ਹੋਏ ਅਕਾਲੀ ਦਲ ਪ੍ਰਧਾਨ ਨੇ ਮੰਗ ਕੀਤੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਸੂਬੇ ਵਿਚ ਜਾਅਲੀ ਸ਼ਰਾਬ ਦੀ ਵਿਕਰੀ, ਨਕਲੀ ਫ਼ੈਕਟਰੀਆਂ, ਰੇਤ ਬਜਰੀ ਦੀ ਪੁਟਾਈ, ਐਕਸਾਈਜ਼ ਦੀ ਚੋਰੀ ਅਤੇ ਨਕਲੀ ਬੀਜ ਘਪਲੇ ਸਬੰਧੀ ਮੁੱਦਿਆਂ 'ਤੇ ਬਹਿਸ ਕਰਨ ਲਈ ਸਰਬ ਪਾਰਟੀ ਬੈਠਕ ਬੁਲਾਉਂਦੇ ਨਾ ਕਿ ਸਿਆਸੀ ਡਰਾਮਾ ਕਰਨ ਲਈ, ਕਿਸਾਨੀ ਫ਼ਸਲਾਂ ਦੀ ਖ਼ਰੀਦ ਬਾਰੇ ਬੈਠਕ ਬੁਲਾਉਂਦੇ।
Sukhbir Singh Badal
ਸੁਖਬੀਰ ਨੇ ਇਹ ਵੀ ਰੋਸ ਪ੍ਰਗਟ ਕੀਤਾ ਕਿ ਇਸ ਬੈਠਕ ਵਿਚ ਨਾ ਤਾਂ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਬੁਲਾਏ, ਨਾ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੂੰ ਸੱਦਿਆ ਅਤੇ ਇਹ ਵੀ ਇਤਰਾਜ਼ ਕੀਤਾ ਕਿ ਸਰਕਾਰ ਨੇ ਕੁੱਝ ਅਜਿਹੇ ਨੇਤਾ ਬੁਲਾਏ ਜਿਨ੍ਹਾਂ ਦੀ ਨਾ ਕੋਈ ਪਾਰਟੀ ਹੈ, ਨਾ ਹੀ ਪਾਰਟੀ ਨੂੰ ਮਾਨਤਾ ਹੈ। ਸੁਖਬੀਰ ਬਾਦਲ ਨੇ ਬੈਠਕ ਦੌਰਾਨ ਵੀ ਅਤੇ ਪ੍ਰੈਸ ਕਾਨਫ਼ਰੰਸ ਵਿਚ ਵੀ ਤਾੜਨਾ ਕੀਤੀ ਕਿ ਸੱਤਾਧਾਰੀ ਕਾਂਗਰਸ ਦੇ ਨੇਤਾ ਵਿਸ਼ੇਸ਼ ਕਰ ਕੇ ਪ੍ਰਧਾਨ ਸੁਨੀਲ ਜਾਖੜ ਗੁਮਰਾਹਕੁਨ ਪ੍ਰਚਾਰ ਇਨ੍ਹਾਂ ਆਰਡੀਨੈਂਸਾਂ ਬਾਰੇ ਕਰ ਰਹੇ ਹਨ।
Sukhbir Singh Badal
ਸੁਖਬੀਰ ਨੇ ਅੱਜ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਦੁਹਰਾਇਆ ਹੈ ਕਿ ਐਮ.ਐਸ.ਪੀ. ਅਤੇ ਫ਼ਸਲਾਂ ਦੀ ਸੁਨਿਸ਼ਚਿਤ ਖ਼ਰੀਦ ਤੋਂ ਬਿਨਾਂ ਪੰਜਾਬ ਦੀ ਕਿਸਾਨੀ ਬਚ ਨਹੀਂ ਸਕਦੀ। ਸੁਖਬੀਰ ਬਾਦਲ ਨੇ ਲਿਖਤੀ ਚਿੱਠੀ ਵਿਚ ਭਰੋਸਾ ਦਿਤਾ ਕਿ ਫ਼ਸਲਾਂ ਦੀ ਸਰਕਾਰੀ ਖ਼ਰੀਦ ਬੰਦ ਕਰਨ ਜਾਂ ਬੰਦ ਹੋਣ ਨਹੀਂ ਦੇਵੇਗਾ ਅਤੇ ਹੁਣ ਵੀ ਕੇਂਦਰੀ ਖੇਤੀ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਇਕ ਵਫ਼ਦ ਦੇ ਰੂਪ ਵਿਚ ਮਿਲਣ ਨੂੰ ਤਿਆਰ ਹੈ ਤਾਕਿ ਕਾਂਗਰਸ ਦੀ ਸ਼ੱਕ ਜਾਂ ਫ਼ਜ਼ੂਲ ਚਿੰਤਾ ਖ਼ਤਮ ਕੀਤੀ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।