
ਮਾਣਹਾਨੀ ਮਾਮਲਾ 'ਚ ਰਾਹੁਲ ਗਾਂਧੀ ਗੁਜਰਾਤ ਦੀ ਅਦਾਲਤ ਵਿਚ ਹੋਏ ਪੇਸ਼, ਦੋਸ਼ਾਂ ਤੋਂ ਕੀਤਾ ਇਨਕਾਰ
ਸੂਰਤ, 24 ਜੂਨ : ਕਾਂਗਰਸ ਆਗੂ ਰਾਹੁਲ ਗਾਂਧੀ ਅਪਰਾਧਕ ਮਾਣਹਾਨੀ ਦੇ ਇਕ ਮਾਮਲੇ ਵਿਚ ਅਪਣਾ ਬਿਆਨ ਦਰਜ ਕਰਵਾਉਣ ਲਈ ਵੀਰਵਾਰ ਨੂੰ ਸੂਰਤ ਦੀ ਇਕ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਏ | ਗੁਜਰਾਤ ਦੇ ਇਕ ਵਿਧਾਇਕ ਨੇ 'ਮੋਦੀ ਉਪਨਾਮ' 'ਤੇ ਰਾਹੁਲ ਦੀ ਕਥਿਤ ਟਿੱਪਣੀ ਲਈ ਇਹ ਮੁਕੱਦਮਾ ਕਰਜ ਕਰਵਾਇਆ ਸੀ |
ਸੂਰਤ ਤੋਂ ਭਾਜਪਾ ਵਿਧਾਇਕ ਪੂਰਣੇਸ਼ ਮੋਦੀ ਨੇ 'ਮੋਦੀ' ਉਪਨਾਮ 'ਤੇ ਰਾਹੁਲ ਦੀ ਕਥਿਤ ਟਿੱਪਣੀ ਲਈ ਮੁਕੱਦਮਾ ਦਰਜ ਕਰਵਾਇਆ ਸੀ | ਰਾਹੁਲ ਨੇ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਵਿਚ ਇਕ ਰੈਲੀ ਦੌਰਾਨ ਮੋਦੀ ਉਪਨਾਮ ਵਾਲੇ ਲੋਕਾਂ 'ਤੇ ਇਤਰਾਜ਼ਯੋਗ ਟਿੱਪਣੀ ਵਿਚ,''ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਦੋਸ਼ੀ ਅਤੇ ਭਗੌੜੇ ਵਪਾਰੀ ਨੀਰਵ ਮੋਦੀ, ਆਈ.ਪੀ.ਐਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਦਿਆਂ ਕਿਹਾ ਸੀ ਕਿ 'ਸਾਰੇ ਮੋਦੀ ਚੋਰ ਹਨ' |'' ਸੂਰਤ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ (ਸੀਜੇਐਮ) ਏ ਐਨ ਦਵੇ ਅੱਗੇ ਅਪਣੇ ਬਿਆਨ ਵਿਚ ਰਾਹੁਲ ਨੇ ਮੋਦੀ ਉਪਨਾਮ ਵਾਲੇ ਲੋਕਾਂ 'ਤੇ ਕੋਈ ਇਤਾਜ਼ਯੋਗ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ | ਜਦੋਂ ਮੈਜਿਸਟ੍ਰੇਟ ਨੇ ਗਾਂਧੀ ਤੋਂ ਪੁਛਿਆ ਕਿ ਕੀ ਉਨ੍ਹਾਂ ਨੇ ਇਹ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਉਦਯੋਗਪਤੀ ਨੂੰ 30 ਕਰੋੜ ਰੁਪਏ ਦਿਤੇ ਤਾਂ ਰਾਹੁਲ ਨੇ ਕਿਹਾ ਕਿ ਇਕ ਰਾਸ਼ਟਰੀ ਆਗੂ ਦੇ ਤੌਰ 'ਤੇ ਉਹ ਰਾਸ਼ਟਰ ਦੇ ਹਿੱਤ ਵਿਚ ਅਪਣੇ ਸੰਬੋਧਨਾਂ ਵਿਚ ਭਿ੍ਸ਼ਟਾਚਾਰ ਅਤੇ ਬੇਰੁਜ਼ਗਾਰਾਂ ਦੇ ਮੁੱਦੇ ਚੁਕਦੇ ਰਹਿੰਦੇ ਹਨ ਅਤੇ ਅਜਿਹਾ ਕਰਨਾ ਉਨ੍ਹਾਂ ਦਾ ਅਧਿਕਾਰ ਹੈ |
ਜਦੋਂ ਅਦਾਲਤ ਨੇ ਪੁਛਿਆ ਕਿ ਕੀ ਤੁਸੀਂ ਇਹ ਕਿਹਾ ਸੀ ਕਿ ਮੋਦੀ ਉਪਨਾਮ ਵਾਲੇ ਸਾਰੇ ਲੋਕ ਚੋਰ ਹੁੰਦੇ ਹਨ ਤਾਂ ਰਾਹੁਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਅਜਿਹੇ ਸ਼ਬਦ ਨਹੀਂ ਕਹੇ | (ਪੀ.ਟੀ.ਆਈ)