
ਸਿੱਧੂ ਮੂਸੇਵਲਾ ਦੇ ਨਵੇਂ ਆਏ ਗੀਤ 'ਐਸਵਾਈਐਲ' 'ਤੇ ਮਘੀ ਸਿਆਸਤ
ਕਾਂਗਰਸ ਨੇ ਪੰਜਾਬੀਆਂ ਦੀ ਭਾਵਨਾ ਦਸਿਆ ਤੇ 'ਆਪ' ਨੇ ਵਟਿਆ ਟਾਲਾ
ਚੰਡੀਗੜ੍ਹ, 24 ਜੂਨ (ਸੁਰਜੀਤ ਸਿੰਘ ਸੱਤੀ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਐਸਵਾਈਐਲ' 'ਤੇ ਸਿਆਸਤ ਗਰਮਾ ਗਈ ਹੈ | ਜਿਥੇ ਪੰਜਾਬ ਦੇ ਵਿਰੋਧੀ ਧਿਰਾਂ ਦੇ ਆਗੂ ਇਸ ਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਦੱਸ ਰਹੇ ਹਨ, ਉਥੇ ਆਮ ਆਦਮੀ ਪਾਰਟੀ ਦੇ ਆਗੂ ਇਸ ਬਾਰੇ ਕੁਝ ਕਹਿਣ ਤੋਂ ਟਾਲਾ ਵੱਟ ਰਹੇ ਹਨ | ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਪੁੱਜੇ ਵੱਖ-ਵੱਖ ਵਿਧਾਇਕਾਂ ਨੇ ਆਪੋ ਅਪਣੇ ਵਿਚਾਰ ਪੇਸ਼ ਕੀਤੇ | ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਗੀਤ ਤੋਂ ਕਿਸੇ ਨੂੰ ਇਤਰਾਜ਼ ਹੋਵੇ ਪਰ ਇਸ ਵਿਚ ਰਾਜਸੀ ਸੰਦੇਸ਼ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਯੂਨੀਵਰਸਿਟੀ ਆਦਿ ਦੇ ਮਸਲਿਆਂ 'ਤੇ ਸਾਰੀਆਂ ਧਿਰਾਂ ਨੂੰ ਪਾਰਟੀ ਲਾਈਨ ਤੋਂ ਉਪਰ ਉਠ ਕੇ ਧਿਆਨ ਦੇਣਾ ਚਾਹੀਦਾ ਹੈ |
ਗੀਤ ਵਿਚ ਸਾਂਝੇ ਪੰਜਾਬ ਦੇ ਜ਼ਿਕਰ ਬਾਰੇ ਖਹਿਰਾ ਨੇ ਕਿਹਾ ਕਿ ਇਸ ਵਿਚ ਮੂਸੇਵਾਲਾ ਦਾ ਦਰਦ ਝਲਕਦਾ ਹੈ ਕਿ ਪੰਜਾਬ ਦੇ ਟੁਕੜੇ ਹੋ ਗਏ ਪਰ ਮਹਾਰਾਜਾ ਰਣਜੀਤ ਸਿੰਘ ਵੇਲੇ ਪੰਜਾਬ ਵਿਚ ਪਾਕਿਸਤਾਨ ਤਕ ਫੈਲਿਆ ਹੋਇਆ ਸੀ, ਇਹ ਸਾਡਾ ਪਿਛੋਕੜ ਹੈ | ਉਨ੍ਹਾਂ ਕਿਹਾ ਕਿ ਇਸ ਗਾਣੇ ਨੇ ਪਾਣੀ ਦੇ ਗੰਭੀਰ ਮਸਲੇ ਨੂੰ ਛੋਹਿਆ ਹੈ ਤੇ ਇਸ ਦਾ ਵਿਸ਼ਵ ਪਧਰੀ ਸੁਨੇਹਾ ਗਿਆ ਹੈ ਤੇ ਮਿੰਟਾਂ ਵਿਚ ਹੀ ਲੱਖਾਂ ਲੋਕਾਂ ਨੇ ਗੀਤ ਸ਼ੇਅਰ ਕੀਤਾ, ਜਿਸ ਤੋਂ ਸਪਸ਼ਟ ਹੈ ਕਿ ਇਸ ਗੀਤ ਤੇ ਮਸਲੇ ਨੂੰ ਲੋਕ ਪ੍ਰਵਾਨ ਕਰ ਰਹੇ ਹਨ | ਇਸੇ ਤਰ੍ਹਾਂ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਗੀਤ ਵਿਚ ਪੰਜਾਬ ਦੇ ਨੌਜਵਾਨ ਦੀਆਂ ਭਾਵਨਾਵਾਂ ਝਲਕਦੀਆਂ ਹਨ | ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਕੋਲ ਸਰਪਲੱਸ ਪਾਣੀ ਹੁੰਦਾ ਸੀ ਪਰ ਅੱਜ ਹਾਲਾਤ ਇਹ ਹੈ ਕਿ ਇੱਕ ਬੂੰਦ ਵੀ ਪਾਣੀ ਨਹੀਂ ਦਿਤਾ ਜਾ ਸਕਦਾ | ਇਸੇ ਤਰ੍ਹਾਂ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪਾਣੀਆਂ ਦੇ ਮਸਲੇ 'ਤੇ ਉਹ ਅੱਜ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਵਿਚ ਲਿਆਂਦੇ ਗਏ ਮਸਲੇ 'ਤੇ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਦੀ ਰਾਖੀ ਲਈ ਉਹ ਹਰ ਲੜਾਈ ਲੜਨ ਲਈ ਤਿਆਰ ਹਨ | ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਇਸ ਗੀਤ ਬਾਰੇ ਕਿਹਾ ਕਿ ਜਿਥੇ ਇਸ ਗੀਤ ਰਾਹੀਂ ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਦੀ ਸੱਚੀ ਤਸਵੀਰ ਪੇਸ਼ ਕੀਤੀ ਗਈ ਹੈ, ਉਥੇ ਹੀ ਪੰਜਾਬ ਦੇ ਹੱਕੀ ਮਸਲਿਆਂ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਗੀਤ ਕੋਈ ਗੀਤ ਨਹੀਂ ਸਗੋਂ ਪੰਜਾਬ ਦੀ ਦੁਖਦਾਈ ਹਕੀਕਤ ਹੈ ਕਿਉਂਕਿ ਇਹ ਦਰਿਆਈ ਪਾਣੀਆਂ 'ਤੇ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਇਹ ਗੀਤ ਸੁਣਿਆ ਹੀ ਨਹੀਂ | ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਮੂਸੇਵਾਲਾ ਦੇ ਗੀਤ 'ਤੇ ਗੱਲ ਕਰਨ ਤੋਂ ਟਾਲਾ ਵੱਟਦੇ ਨਜ਼ਰ ਆਏ |
ਡੱਬੀ
ਕਾਨੂੰਨ ਵਿਵਸਥਾ 'ਤੇ ਇਕ ਦੂਜੇ 'ਤੇ ਲਗਾਏ ਦੋਸ਼
ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਕ ਦੂਜੇ 'ਤੇ ਦੋਸ਼ ਲਗਾਏ ਹਨ | 'ਆਪ' ਵਿਧਾਇਕ ਨਰਿੰਦਰ ਭਰਾਜ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਕਲਚਰ ਪਿਛਲੀਆਂ ਸਰਕਾਰਾਂ ਦੀ ਦੇਣ ਹੈ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੀ ਇਕ ਹੋਰ ਵਿਧਾਇਕ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸੱਤਾਧਿਰ 'ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ ਦੇ ਨਤੀਜੇ ਦਸਣਗੇ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ ਕਿੰਨੇ ਸੰਤੁਸ਼ਟ ਹਨ | ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕਾਂਗਰਸ 'ਤੇ ਗੈਂਗਸਟਰ ਕਲਚਰ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਗਾਉਣਾ ਗ਼ਲਤ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਵੇਲੇ ਵੀ ਲਾਰੈਂਸ ਬਿਸ਼ਨੋਈ ਤਿਹਾੜ ਜੇਲ ਵਿਚ ਬੰਦ ਸੀ ਤੇ ਉਦੋਂ ਕੁੱਝ ਨਹੀਂ ਹੋਇਆ ਪਰ ਹੁਣ ਉਸ ਕੋਲ ਹਥਿਆਰ ਤੇ ਜੇਲ ਵਿਚ ਮੋਬਾਇਲ ਫ਼ੋਨ ਕਿਥੋਂ ਆ ਗਏ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਐਨਆਈਏ ਕਰੇ ਤੇ ਪਤਾ ਲਗਾਏ ਕਿ ਜੇਲ ਵਿਚ ਮੋਬਾਇਲ ਫ਼ੋਨ ਕਿਥੋਂ ਆਏ ਤੇ ਜੇਲ੍ਹ ਵਿਚੋਂ ਸ਼ੂਟਰਾਂ ਨੂੰ ਹਥਿਆਰ ਕਿਵੇਂ ਮੁਹਈਆ ਕਰਵਾਏ ਗਏ |