
ਅਮਨ ਕਾਨੂੰਨ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਹੀ ਦਿਨ ਵਿਰੋਧੀਆਂ ਵਲੋਂ ਹੰਗਾਮਾ ਤੇ ਵਾਕਆਊਟ
ਕਾਂਗਰਸ ਤੇ ਭਾਜਪਾ ਵਲੋਂ ਸਪੀਕਰ ਦੇ ਆਸਨ ਸਾਹਮਣੇ ਸ਼ੋਰ ਸ਼ਰਾਬਾ ਤੇ ਨਾਹਰੇਬਾਜ਼ੀ, ਅਕਾਲੀ-ਬਸਪਾ ਮੈਂਬਰ ਵੀ ਨਾਲ ਸਨ ਪਰ ਵਾਕਆਊਟ ਵਿਚ ਸ਼ਾਮਲ ਨਹੀਂ ਹੋਏ
ਚੰਡੀਗੜ੍ਹ, 24 ਜੂਨ (ਗੁਰਉਪਦੇਸ਼ ਭੁੱਲਰ) : 16ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਅੱਜ ਪਹਿਲੇ ਦਿਨ ਦੀ ਕਾਰਵਾਈ ਹੰਗਾਮੇ ਭਰਪੂਰ ਰਹੀ | ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਬਾਅਦ ਸਦਨ ਵਿਚ ਸੈਸ਼ਨ ਦੀ ਦੂਜੀ ਸਿਟਿੰਗ ਦੌਰਾਨ ਪ੍ਰਸ਼ਨਕਾਲ ਖ਼ਤਮ ਹੁੰਦੇ ਹੀ ਵਿਰੋਧੀ ਧਿਰ ਨੇ ਸਿਫ਼ਰ ਕਾਲ ਦੇ ਸਮੇਂ ਦੌਰਾਨ ਸਰਕਾਰ ਨੂੰ ਅਮਨ ਕਾਨੂੰਨ ਦੇ ਮੁੱਦੇ 'ਤੇ ਘੇਰਨ ਦੀ ਕੋਸ਼ਿਸ਼ ਕੀਤੀ | ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੈਸ਼ਨ ਦੇ ਸੋਧੇ ਪ੍ਰੋਗਰਾਮ ਦੀ ਪ੍ਰਵਾਨਗੀ ਲਈ ਸਦਨ ਵਿਚ ਕਾਰਜ ਸਲਾਹਕਾਰ ਕਮੇਟੀ ਦੀ ਰੀਪੋਰਟ ਪੇਸ਼ ਕਰ ਰਹੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਮਨ ਕਾਨੂੰਨ ਦੇ ਮੁੱਦੇ ਉਪਰ ਬਹਿਸ ਲਈ ਉਨ੍ਹਾਂ ਵਲੋਂ ਦਿਤਾ ਗਿਆ ਕੰਮ ਰੋਕੂ ਪ੍ਰਸਤਾਵ ਬਾਰੇ ਨੋਟਿਸ ਰੱਦ ਹੋ ਜਾਣ 'ਤੇ ਰੋਸ ਪ੍ਰਗਟ ਕੀਤਾ |
ਸਪੀਕਰ ਵਲੋਂ ਰਾਜਪਾਲ ਦੇ ਭਾਸ਼ਨ ਦੌਰਾਨ ਬਹਿਸ ਸਮੇਂ ਇਸ ਮੁੱਦੇ ਉਪਰ ਬੋਲਣ ਦੀ ਵਿਰੋਧੀ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਪਰ ਇਹ ਉਨ੍ਹਾਂ ਪ੍ਰਵਾਨ ਨਾ ਕੀਤੀ ਅਤੇ ਪੂਰੀ ਵਿਰੋਧੀ ਧਿਰ ਜਿਨ੍ਹਾਂ ਵਿਚ ਕਾਂਗਰਸ, ਭਾਜਪਾ, ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਸ਼ਾਮਲ ਸਨ, ਤੁਰਤ ਅਮਨ ਕਾਨੂੰਨ ਬਾਰੇ ਬਹਿਸ ਕਰਵਾਉਣ ਦੀ ਮੰਗ 'ਤੇ ਅੜ ਗਈਆਂ | ਜਦੋਂ ਸਪੀਕਰ ਨੇ ਵਿਰੋਧੀ ਮੈਂਬਰਾਂ ਦੇ ਰੌਲੇ ਰੱਪੇ ਵਿਚ ਹੀ ਕਾਰਵਾਈ ਅੱਗੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਦਨ ਵਿਚ ਕਾਂਗਰਸ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿਤਾ | ਇਸੇ ਦੌਰਾਨ ਸਦਨ ਵਿਚ ਮੌਜੂਦ ਹਾਊਸ ਦੇ ਨੇਤਾ ਅਤੇ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚ ਵੀ ਤਿਖੀ ਕਹਾ ਸੁਣੀ ਹੋਈ |
ਸਪੀਕਰ ਸੰਧਵਾਂ ਨੇ ਵਿਰੋਧੀ ਧਿਰ ਨੂੰ ਵਾਰ ਵਾਰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ | ਬਾਜਵਾ ਜਦੋਂ ਲਗਾਤਾਰ ਅਮਨ ਕਾਨੂੰਨ 'ਤੇ ਬਹਿਸ ਨੂੰ ਲੈ ਕੇ ਬੋਲਦੇ ਰਹੇ ਤਾਂ ਮੁੱਖ ਮੰਤਰੀ ਵੀ ਗੁੱਸੇ ਵਿਚ ਆ ਗਏ ਅਤੇ ਬਾਜਵਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਐਵੇਂ
ਅੱਧੇ ਘੰਟੇ ਤੋਂ ਸਮਾਂ ਬਰਬਾਦ ਕਰ ਰਹੇ ਹੋ ਅਤੇ ਸਿਆਣੇ ਬਿਆਣੇ ਹੋ ਕੇ ਵੀ ਸ਼ੋਰ ਸ਼ਰਾਬਾ ਕਰ ਰਹੇ ਹੋ | ਉਨ੍ਹਾਂ ਸੱਤਾਧਿਰ ਦੇ ਹੋਰ ਮੈਂਬਰਾਂ ਨੂੰ ਵੀ ਅਪਣੀ ਕਾਰਵਾਈ ਜਾਰੀ ਰੱਖਣ ਦਾ ਇਸ਼ਾਰਾ ਕੀਤਾ | ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਵੀ ਮੁੱਖ ਮੰਤਰੀ ਦੀ ਹਮਾਇਤ ਵਿਚ ਆ ਗਏ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨਾਲ ਤਕਰਾਰਬਾਜ਼ੀ ਹੋਈ | ਇਸੇ ਦੌਰਾਨ ਬਾਜਵਾ ਨਾਲ ਕਾਂਗਰਸ ਦੇ ਮੈਂਬਰਾਂ ਸੁਖਪਾਲ ਸਿੰਘ ਖਹਿਰਾ, ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਅਮਨ ਕਾਨੂੰਨ ਦੇ ਮੁੱਦੇ ਉਪਰ ਬਹਿਸ ਲਈ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਇਸ ਤੋਂ ਬਾਅਦ ਅਕਾਲੀ ਮੈਂਬਰ ਮਨਪ੍ਰੀਤ ਇਯਾਲੀ, ਗੁਨੀਵ ਕੌਰ, ਭਾਜਪਾ ਦੇ ਅਸ਼ਵਨੀ ਸ਼ਰਮਾ ਅਤੇ ਬਸਪਾ ਦੇ ਡਾ. ਨਛੱਤਰਪਾਲ ਵੀ ਬਾਜਵਾ ਦੇ ਸਮਰਥਨ ਵਿਚ ਆ ਗਏ |
ਸਾਰੇ ਨਾਹਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਆਸਨ ਸਾਹਮਣੇ ਪਹੁੰਚ ਗਏ ਤਾਂ ਮਾਰਸ਼ਲਾਂ ਨੇ ਵੀ ਪੁਜ਼ੀਸ਼ਨਾਂ ਲੈ ਲਈਆਂ ਸਨ | ਸਪੀਕਰ ਨੇ ਭਰੋਸਾ ਦਿਤਾ ਕਿ ਬਹਿਸ ਲਈ ਸਮਾਂ ਦਿਆਂਗੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਕਲ੍ਹ ਮੁੱਖ ਮੰਤਰੀ ਵੀ ਅਮਨ ਕਾਨੂੰਨ ਨੂੰ ਲੈ ਕੇ ਜਵਾਬ ਦੇਣਗੇ ਪਰ ਕਾਂਗਰਸੀ ਮੈਂਬਰ ਕੁੱਝ ਵੀ ਸੁਣਨ ਨੂੰ ਤਿਆਰ ਨਹੀਂ ਸਨ | ਆਖ਼ਰ ਸ਼ੋਰ ਸ਼ਰਾਬੇ ਤੇ ਹੰਗਾਮੇ ਬਾਅਦ ਕਾਂਗਰਸ ਅਤੇ ਭਾਜਪਾ ਦੇ ਮੈਂਬਰ ਸਦਨ ਵਿਚੋਂ ਰੋਸ ਵਜੋਂ ਵਾਕਆਊਟ ਕਰ ਗਏ | ਭਾਵੇਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਅਮਨ ਕਾਨੂੰਨ ਦੇ ਮੁੱਦੇ ਉਪਰ ਬਾਜਵਾ ਦੇ ਸਮਰਥਨ ਵਿਚ ਸਨ ਪਰ ਉਨ੍ਹਾਂ ਕਾਂਗਰਸ ਤੇ ਭਾਜਪਾ ਨਾਲ ਸਦਨ ਵਿਚੋਂ ਵਾਕਆਊਟ ਨਹੀਂ ਕੀਤਾ | ਇਸੇ ਦੌਰਾਨ ਰੌਲੇ ਰੱਪੇ ਕਾਰਨ ਸਿਫ਼ਰਕਾਲ ਦਾ ਸਮਾਂ ਵੀ ਖ਼ਤਮ ਹੋ ਗਿਆ ਸੀ ਅਤੇ ਵਿਰੋਧੀ ਮੈਂਬਰਾਂ ਨੇ ਸਿਫ਼ਰਕਾਲ ਕਰਵਾਉਣ ਦੀ ਵੀ ਮੰਗ ਰੱਖੀ ਪਰ ਸਪੀਕਰ ਲੇ ਅਗਲੀ ਬਹਿਸ ਦੀ ਕਾਰਵਾਈ ਸ਼ੁਰੂ ਕਰਵਾ ਦਿਤੀ ਸੀ | ਸੁਖਪਾਲ ਖਹਿਰਾ ਤੇ ਪ੍ਰਗਟ ਸਿੰਘ ਨੇ ਸਦਨ ਵਿਚ 'ਆਪ' ਮੈਂਬਰਾਂ ਨੂੰ ਉਨ੍ਹਾਂ ਦੇ ਐਲਾਨ ਯਾਦ ਕਰਵਾਉਂਦਿਆਂ ਲੰਬੇ ਸੈਸ਼ਨ ਦੀ ਮੰਗ ਵੀ ਕੀਤੀ |