
ਸ੍ਰੀ ਹਰਿਮੰਦਰ ਸਾਹਿਬ 'ਚ ਮਨੋਜ ਪਾਂਡੇ ਇਕ ਆਮ ਨਾਗਰਿਕ ਵਾਂਗ ਨਜ਼ਰ ਆਏ
ਅੰਮ੍ਰਿਤਸਰ- ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਜਨਰਲ ਮਨੋਜ ਪਾਂਡੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਹਰਿਮੰਦਰ ਸਾਹਿਬ 'ਚ ਮਨੋਜ ਪਾਂਡੇ ਇਕ ਆਮ ਨਾਗਰਿਕ ਵਾਂਗ ਨਜ਼ਰ ਆਏ।
ਜਨਰਲ ਮਨੋਜ ਪਾਂਡੇ ਨਾਲ ਉਨ੍ਹਾਂ ਦੀ ਪਤਨੀ ਅਰਚਨਾ ਸਲਪੇਕਾ ਵੀ ਮੌਜੂਦ ਸੀ। ਦੋਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਮਹੱਤਵਪੂਰਨ ਸਥਾਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਬਾਕ ਜਨਰਲ ਮਨੋਜ ਪਾਂਡੇ ਦੀ ਅੰਮ੍ਰਿਤਸਰ ਫੇਰੀ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਫ਼ੌਜ ਦੇ ਨਾਲ-ਨਾਲ ਪੰਜਾਬ ਪੁਲਿਸ ਦੀ ਸੁਰੱਖਿਆ ਵੀ ਉਹਨਾਂ ਨੂੰ ਦਿੱਤੀ ਗਈ ਸੀ।
ਫੌਜ ਮੁਖੀ ਨੇ ਵਿਜ਼ਟਰ ਬੁੱਕ 'ਚ ਲਿਖਿਆ- ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਅਤੇ ਸਰਬਸ਼ਕਤੀਮਾਨ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਫੌਜ ਮੁਖੀ ਨੇ ਸਭ ਨੂੰ ਚੰਗੀ ਸਿਹਤ ਤੇ ਖੁਸ਼ੀਆਂ ਬਖਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।