
ਗਲਾ ਘੁੱਟ ਕੇ ਕੀਤਾ ਕਤਲ ਤੇ ਸੇਮ ਨਾਲੇ 'ਚ ਸੁੱਟੀ ਲਾਸ਼
ਪੁਲਿਸ ਨੇ ਮੁਲਜ਼ਮ ਵਿਕਰਮ ਸਿੰਘ ਉਰਫ਼ ਵਿੱਕੀ ਨੂੰ ਕੀਤਾ ਕਾਬੂ
ਕਤਲ ਕਰਨ ਮਗਰੋਂ ਔਰਤ ਦੇ ਕੰਨਾਂ 'ਚੋਂ ਲਾਹੀਆਂ ਵਾਲੀਆਂ ਵੀ ਹੋਈਆਂ ਬਰਾਮਦ
ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਚੱਕ ਹਮੀਦ ਸੈਦੋਕੇ ਵਿਖੇ ਇਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ ਅਤੇ ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ। ਪ੍ਰੇਮੀ ਨੇ ਇਕ ਸਾਜ਼ਿਸ਼ ਤਹਿਤ ਔਰਤ ਨੂੰ ਪਿੰਡ ਦੇ ਸੇਮ ਨਾਲੇ 'ਤੇ ਬੁਲਾ ਕੇ ਗਲਾ ਘੁੱਟ ਕੇ ਕਤਲ ਕਰ ਦਿਤਾ। ਫ਼ਾਜ਼ਿਲਕਾ ਪੁਲਿਸ ਨੇ ਤਿੰਨ ਘੰਟਿਆਂ 'ਚ ਅੰਨ੍ਹੇ ਕਤਲ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ।
ਇਸ ਸਬੰਧੀ ਐਸ.ਐਸ.ਪੀ. ਫ਼ਾਜ਼ਿਲਕਾ ਅਵਨੀਤ ਕੌਰ ਸਿੱਧੂ ਨੇ ਦਸਿਆ ਕਿ ਪੁਲਿਸ ਨੂੰ ਪਿੰਡ ਚੱਕ ਹਮੀਦ ਸੈਦੋਕੇ ਦੇ ਸੇਮਨਾਲੇ ਨੇੜੇ ਇਕ 35 ਸਾਲਾ ਔਰਤ ਦੀ ਲਾਸ਼ ਮਿਲੀ ਹੈ। ਥਾਣਾ ਸਦਰ ਜਲਾਲਾਬਾਦ ਦੇ ਐਸ.ਐਚ.ਓ., ਉਪ ਕਪਤਾਨ ਪੁਲਿਸ ਫ਼ਾਜ਼ਿਲਕਾ ਮਨਜੀਤ ਸਿੰਘ, ਸੁਖਵਿੰਦਰ ਸਿੰਘ ਫ਼ਾਜ਼ਿਲਕਾ, ਉਪ ਕਪਤਾਨ ਜਲਾਲਾਬਾਦ ਸਬ ਡਵੀਜ਼ਨ ਅਤੁਲ ਸੋਨੀ ਜਾਂਚ ਲਈ ਮੌਕੇ 'ਤੇ ਪਹੁੰਚੇ। ਉਨ੍ਹਾਂ ਕਈ ਪਿੰਡਾਂ ਦੇ ਸਰਪੰਚਾਂ ਤੋਂ ਮ੍ਰਿਤਕ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਸਬੰਧੀ ਪਿੰਡ ਬਹਿਕ ਖਾਸ ਦੇ ਸਰਪੰਚ ਨੇ ਪੁਲਿਸ ਨੂੰ ਦਸਿਆ ਕਿ ਲਾਸ਼ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਭਰਾਵਾ ਬਾਈ ਦੀ ਹੈ। ਇਸ ਤੋਂ ਬਾਅਦ ਪ੍ਰਵਾਰ ਵਲੋਂ ਲਾਸ਼ ਦੀ ਪਛਾਣ ਕੀਤੀ ਗਈ। ਪੁਲਿਸ ਨੇ ਅਣਪਛਾਤੇ 'ਤੇ ਧਾਰਾ 302, 201 ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ 'ਚ ਪਤਾ ਲੱਗਾ ਕਿ ਮ੍ਰਿਤਕ ਭਰਵਾ ਬਾਈ ਦਾ ਕਤਲ ਪਿੰਡ ਬਹਿਕ ਖਾਸ ਦੇ ਰਹਿਣ ਵਾਲੇ ਵਿਕਰਮ ਸਿੰਘ ਉਰਫ਼ ਵਿੱਕੀ ਨੇ ਕੀਤਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕਾ ਦਾ ਸਬੰਧ ਵਿਕਰਮ ਸਿੰਘ ਉਰਫ਼ ਵਿੱਕੀ ਨਾਲ ਸੀ। ਔਰਤ ਉਸ ਨੂੰ ਬਲੈਕਮੇਲ ਕਰ ਰਹੀ ਸੀ।
ਇਹ ਵੀ ਪੜ੍ਹੋ: ਪੰਜਾਬ ਵਿਚ ਖੇਤੀ-ਮਸ਼ੀਨਰੀ 'ਤੇ ਸਬਸਿਡੀ ਦੇਣ ਦੀ ਪਹਿਲ ਨੂੰ ਮਿਲੇਗਾ ਹੁਲਾਰਾ; ਕਿਸਾਨ 20 ਜੁਲਾਈ ਤਕ ਕਰ ਸਕਦੇ ਹਨ ਅਪਲਾਈ
ਇਸ ’ਤੇ ਮੁਲਜ਼ਮ ਵਿਕਰਮ ਸਿੰਘ ਨੇ ਉਸ ਨੂੰ ਸੇਮਨਾਲਾ ਚੱਕ ਹਮੀਦ ਸੈਦੋਕੇ ਵਿਖੇ ਬੁਲਾਇਆ, ਜਿਥੇ ਦੋਵਾਂ ਵਿਚ ਕਾਫੀ ਬਹਿਸ ਹੋਈ। ਇਸ ਤੋਂ ਬਾਅਦ ਵਿੱਕੀ ਨੇ ਭਰਵਾ ਬਾਈ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਤੇ ਲਾਸ਼ ਨੂੰ ਸੇਮਨਾਲੇ ਵਿਚ ਸੁੱਟ ਦਿਤਾ। ਪੁਲਿਸ ਨੇ ਮੁਲਜ਼ਮ ਵਿਕਰਮ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਐਸ.ਪੀ. ਨੇ ਦਸਿਆ ਕਿ ਮੁਲਜ਼ਮ ਵਿਕਰਮ ਸਿੰਘ ਅਤੇ ਭਰਾਵਾ ਬਾਈ ਇਕੋ ਪਿੰਡ ਦੇ ਰਹਿਣ ਵਾਲੇ ਸਨ। ਦੋਵੇਂ ਵਿਆਹੇ ਹੋਏ ਸਨ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਕੰਨਾਂ ਦੀਆਂ ਵਾਲੀਆਂ ਵੀ ਬਰਾਮਦ ਕੀਤੀ ਹੈ ਜੋ ਮੁਲਜ਼ਮ ਨੇ ਔਰਤ ਦਾ ਕਤਲ ਕਰਦੇ ਹੋਏ ਉਤਾਰ ਲਈਆਂ ਸਨ।
ਉਧਰ ਮ੍ਰਿਤਕ ਦੇ ਪਤੀ ਦਾ ਕਹਿਣਾ ਹੈ ਕਿ ਮੁਲਜ਼ਮ ਵਲੋਂ ਭਰਾਵਾ ਬਾਈ 'ਤੇ ਉਸ ਨਾਲ ਵਿਆਹ ਕਰਵਾਉਣ ਦਾ ਜ਼ੋਰ ਪਾਇਆ ਜਾ ਰਿਹਾ ਸੀ। ਅਜਿਹਾ ਨਾ ਕਰਨ 'ਤੇ ਮੁਲਜ਼ਮ ਨੇ ਭਰਾਵਾ ਬਾਈ ਅਤੇ ਉਸ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ ਸੀ। ਉਸ ਨੇ ਦਸਿਆ ਕਿ ਮੁਲਜ਼ਮ ਵਿਰੁਧ ਪੁਲਿਸ ਨੂੰ ਸ਼ਿਕਾਇਤ ਦਿਤੀ ਹੋਈ ਸੀ। ਉਨ੍ਹਾਂ ਨੇ ਮੁਲਜ਼ਮ ਨੂੰ ਸਖ਼ਤ ਸਜ਼ਾ ਦੇਣ ਦੀ ਅਪੀਲ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।