ਪ੍ਰਭਾਕਰ ਦੀ 13 ਅਪ੍ਰੈਲ, 2024 ਨੂੰ ਨੰਗਲ ’ਚ ਉਸ ਦੀ ਦੁਕਾਨ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ
ਕੌਮੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਪੰਜਾਬ ’ਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਆਗੂ ਵਿਕਾਸ ਪ੍ਰਭਾਕਰ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦੇ ਮਾਮਲੇ ’ਚ ਲੋੜੀਂਦੇ ਦੋ ਮੁਲਜ਼ਮਾਂ ’ਤੇ 10-10 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਹੈ।
NIA ਨੇ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦਾ ਵਸਨੀਕ ਹਰਜੀਤ ਸਿੰਘ ਉਰਫ ਲਾਡੀ ਅਤੇ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਕੁਲਬੀਰ ਸਿੰਘ ਉਰਫ ਸਿੱਧੂ ਇਸ ਸਾਲ 9 ਮਈ ਨੂੰ ਦਰਜ ਕਤਲ ਦੇ ਮਾਮਲੇ ਵਿਚ ਫਰਾਰ ਹਨ। ਜਾਂਚ ਏਜੰਸੀ ਨੇ ਦੋਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
ਪੀੜਤ ਪ੍ਰਭਾਕਰ, ਜਿਸ ਨੂੰ ਵਿਕਾਸ ਬੱਗਾ ਵੀ ਕਿਹਾ ਜਾਂਦਾ ਹੈ, ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੰਗਲ ਇਕਾਈ ਦਾ ਪ੍ਰਧਾਨ ਸੀ। ਪ੍ਰਭਾਕਰ ਦੀ 13 ਅਪ੍ਰੈਲ, 2024 ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਕਸਬੇ ’ਚ ਉਸ ਦੀ ਦੁਕਾਨ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ।
ਦੋਵੇਂ ਹਮਲਾਵਰ ਰੂਪਨਗਰ ਰੇਲਵੇ ਸਟੇਸ਼ਨ ਨੇੜੇ ਸਥਿਤ ਬੱਗਾ ਦੀ ਮਿਠਾਈ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਭਾਕਰ ਦੇ ਕਤਲ ਪਿੱਛੇ ਵੱਡੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਦੀ NIA ਜਾਂਚ ਦੀ ਸਿਫਾਰਸ਼ ਕੀਤੀ ਸੀ।