ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਡਿਬਰੁਗੜ੍ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ
Amritpal Singh Oath News: 18ਵੀਂ ਲੋਕ ਸਭਾ ਦੇ ਸੈਸ਼ਨ ਦੌਰਾਨ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਚੱਲ ਰਿਹਾ ਹੈ। ਇਜਲਾਸ ਦੇ ਦੂਜੇ ਦਿਨ ਨਵੇਂ ਚੁਣ ਕੇ ਆਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਇਸੇ ਦਰਮਿਆਨ ਖਡੂਰ ਸਾਹਿਬ ਤੋਂ ਜਿੱਤ ਕੇ ਆਏ ਅੰਮ੍ਰਿਤਪਾਲ ਸਿੰਘ ਨੂੰ ਵੀ ਲੋਕ ਸਭਾ 'ਚ ਸਹੁੰ ਚੁੱਕਣ ਲਈ ਆਵਾਜ਼ ਦਿੱਤੀ ਗਈ ਪਰ ਉਹ ਸੰਸਦ ਵਿਚ ਮੌਜੂਦ ਨਹੀਂ ਸਨ। ਇਸ ਕਰਕੇ ਅੰਮ੍ਰਿਤਪਾਲ ਸਿੰਘ ਸਾਂਸਦ ਵਜੋਂ ਸਹੁੰ ਨਹੀਂ ਚੁੱਕ ਸਕੇ।
ਦਰਅਸਲ 'ਚ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਡਿਬਰੁਗੜ੍ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਅੰਮ੍ਰਿਤਪਾਲ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਨ੍ਹਾਂ ‘ਤੇ ਇੱਕ ਸਾਲ ਲਈ ਹੋਰ ਐਨਐਸਏ ਵਧਾ ਦਿੱਤਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਵਾਉਣ ਲਈ ਜੇਲ੍ਹੋਂ ਬਾਹਰ ਆਉਣ ਦੀ ਇਜਾਜ਼ਤ ਕਦੋ ਮਿਲਦੀ ਹੈ।
ਦੱਸ ਦੇਈਏ ਕਿ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਅੰਮ੍ਰਿਤਪਾਲ ਦੇ ਪਿਤਾ ਨੇ ਉਮੀਦ ਜਤਾਈ ਸੀ ਕਿ ਹੁਣ ਉਨ੍ਹਾਂ ਦਾ ਬੇਟਾ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਹਾਲਾਂਕਿ, ਇਹ ਸੰਭਵ ਨਹੀਂ ਸੀ। ਚੇਤੇ ਰਹੇ ਕਿ ਅੰਮ੍ਰਿਤਪਾਲ ਆਜ਼ਾਦ ਉਮੀਦਵਾਰ ਵਜੋਂ ਭਾਰੀ ਵੋਟਾਂ ਨਾਲ ਜਿੱਤਿਆ ਹੈ। ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 1.9 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਨਵੇਂ ਚੁਣੇ ਗਏ 12 ਸਾਂਸਦਾਂ ਨੇ ਅੱਜ ਸਹੁੰ ਚੁੱਕੀ ਹੈ। AAP ਦੇ ਗੁਰਮੀਤ ਸਿੰਘ ਮੀਤ ਹੇਅਰ, ਮਲਵਿੰਦਰ ਕੰਗ ਅਤੇ ਰਾਜਕੁਮਾਰ ਚੱਬੇਵਾਲ ਨੇ ਪੰਜਾਬੀ ਵਿਚ ਸਹੁੰ ਚੁੱਕੀ, ਦੂਜੇ ਪਾਸੇ ਕਾਂਗਰਸ ਦੇ ਵੀ 7 ਨਵੇਂ ਚੁਣੇ ਮੈਂਬਰਾਂ ਨੇ ਪੰਜਾਬੀ ਵਿਚ ਸਵਿਧਾਨ ਦੀ ਸਹੁੰ ਚੁੱਕੀ ਹੈ। ਆਜ਼ਾਦ MP ਸਰਬਜੀਤ ਸਿੰਘ ਖਾਲਸਾ ਅਤੇ ਅਕਾਲੀ ਦਲ ਦੇ ਇਕਲੌਤੇ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ MP ਅਹੁਦੇ ਦੀ ਸਹੁੰ ਚੁੱਕੀ ਹੈ।