ਦੋਸਤ ਨਾਲ ਲੇਹ-ਲਦਾਖ ਤੋਂ ਕਾਰ 'ਚ ਸਵਾਰ ਹੋ ਕੇ ਦਿੱਲੀ ਵਾਪਸ ਪਰਤ ਰਿਹਾ ਸੀ ਨੌਜਵਾਨ
Hoshiarpur News : ਹੁਸ਼ਿਆਰਪੁਰ ਦੇ ਦਸੂਹਾ ਰੋਡ 'ਤੇ ਪਿੰਡ ਕੱਕੋ ਨੇੜੇ ਦੇਰ ਰਾਤ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ ਹੈ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਕਈ ਗੰਭੀਰ ਜ਼ਖਮੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਮਨੋਜ ਵਾਸੀ ਦਿੱਲੀ ਦੇ ਚਾਚਾ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਮਨੋਜ ਆਪਣੇ ਪਰਿਵਾਰ ਅਤੇ ਦੋਸਤ ਸਤੀਸ਼ ਨਾਲ ਲੇਹ-ਲਦਾਖ ਤੋਂ ਕਾਰ 'ਚ ਸਵਾਰ ਹੋ ਕੇ ਦਿੱਲੀ ਵਾਪਸ ਪਰਤ ਰਿਹਾ ਸੀ।
ਮਨੋਜ ਦਾ ਦੋਸਤ ਸਤੀਸ਼ ਕਾਰ ਚਲਾ ਰਿਹਾ ਸੀ। ਜਦੋਂ ਉਹ ਹੁਸ਼ਿਆਰਪੁਰ ਨੇੜੇ ਮਾਊਂਟ ਕਾਰਮਲ ਸਕੂਲ ਕੱਕੋ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੋਜ ਦੇ ਦੋਸਤ ਸਤੀਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।