
'ਸੰਵਿਧਾਨ ਦੀ ਰੱਖਿਆ ਕਰਨਾ ਹਰ ਦੇਸ਼ ਭਗਤ ਭਾਰਤੀ ਦਾ ਫਰਜ਼ ਹੈ, ਅਸੀਂ ਇਸ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ'
Rahul Gandhi takes oath as MP : ਕਾਂਗਰਸ ਨੇਤਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਸੰਸਦ 'ਚ ਸਹੁੰ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਸੀ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕੁਰਸੀ ਦੇ ਪਿੱਛੇ ਖੜ੍ਹੇ ਮਾਰਸ਼ਲ ਨਾਲ ਹੱਥ ਵੀ ਮਿਲਾਇਆ। ਸਹੁੰ ਚੁੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਜੈ ਹਿੰਦ, ਜੈ ਸੰਵਿਧਾਨ ਦਾ ਨਾਅਰਾ ਵੀ ਲਗਾਇਆ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਕੇ ਕਿਹਾ , ਕਿ ਸੰਵਿਧਾਨ ਦੀ ਰੱਖਿਆ ਕਰਨਾ ਹਰ ਦੇਸ਼ ਭਗਤ ਭਾਰਤੀ ਦਾ ਫਰਜ਼ ਹੈ, ਅਸੀਂ ਇਸ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ।
ਸਹੁੰ ਚੁੱਕਣ ਸਮੇਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ, ਰਾਹੁਲ ਗਾਂਧੀ, ਲੋਕ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਵਾਅਦਾ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਵਿਸ਼ਵਾਸ ਰੱਖਾਂਗਾ, ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ। ਮੈਂ ਜੋ ਵੀ ਜ਼ਿੰਮੇਵਾਰੀ ਸੰਭਾਲਣ ਜਾ ਰਿਹਾ ਹਾਂ, ਮੈਂ ਉਸ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ।
ਦੱਸ ਦੇਈਏ ਕਿ 18ਵੀਂ ਲੋਕ ਸਭਾ ਦੇ ਪਹਿਲੇ ਦਿਨ (24 ਜੂਨ) ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਕੁੱਲ 262 ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਸੀ, ਜਦਕਿ ਬਾਕੀ ਦੇ ਸੰਸਦ ਮੈਂਬਰਾਂ ਨੇ ਅੱਜ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਲੋਕ ਸਭਾ ਸਪੀਕਰ ਦੇ ਅਹੁਦੇ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ਆਮ ਸਹਿਮਤੀ ਨਾ ਹੋਣ ਕਾਰਨ ਦੋਵੇਂ ਗਠਜੋੜਾਂ (ਐਨ.ਡੀ.ਏ.-ਇੰਡੀਆ ਗੱਠਜੋੜ) ਨੇ ਵੱਖ-ਵੱਖ ਉਮੀਦਵਾਰ ਖੜ੍ਹੇ ਕੀਤੇ ਹਨ।
26 ਜੂਨ ਯਾਨੀ ਕੱਲ੍ਹ ਨੂੰ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਪ੍ਰੋਟੇਮ ਸਪੀਕਰ ਅਗਲੇ ਸਪੀਕਰ ਦੀ ਚੋਣ ਲਈ ਵੋਟਿੰਗ ਕਰਵਾਏਗਾ। ਰਾਜਸਥਾਨ ਦੇ ਕੋਟਾ ਤੋਂ ਤਿੰਨ ਵਾਰ ਸਾਂਸਦ ਰਹੇ ਓਮ ਬਿਰਲਾ ਅਤੇ ਕੇਰਲ ਦੇ ਮਾਵੇਲੀਕਾਰਾ ਤੋਂ 8 ਵਾਰ ਦੇ ਸਾਂਸਦ ਕੋਡੀਕੁੰਨਿਲ ਸੁਰੇਸ਼ ਵਿਚਕਾਰ ਸਿੱਧਾ ਮੁਕਾਬਲਾ ਹੋਣਾ ਹੈ। ਦੱਸ ਦੇਈਏ ਕਿ ਓਮ ਬਿਰਲਾ ਐਨਡੀਏ ਤੋਂ ਹਨ। ਸੁਰੇਸ਼ ਇੰਡੀਆ ਗੱਠਜੋੜ ਦੇ ਉਮੀਦਵਾਰ ਹਨ।