
ਚਿੱਤਰਕਾਰੀ ਰਾਹੀਂ ਸੰਗਤਾਂ ਅੱਗੇ ਸਾਰਾ ਇਤਿਹਾਸ ਰੂਪਮਾਨ ਹੁੰਦਾ ਹੈ
ਪਟਿਆਲਾ (ਦਲਜਿੰਦਰ ਸਿੰਘ ਪੱਪੀ) : ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦਾ 'ਸਿੱਖ ਅਜਾਇਬ ਘਰ' ਸੰਗਤਾਂ ਲਈ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਜਿਥੇ ਖੁਦ ਨੂੰ ਪ੍ਰਮਾਤਮਾ 'ਚ ਭੇਦ ਹੁੰਦੀਆਂ ਵਿਖਾਈ ਦਿੰਦੀਆਂ ਹਨ, ਉਥੇ ਹੀ ਸਿੱਖ ਇਤਿਹਾਸ ਅਤੇ ਵਿਰਾਸਤ ਦੀ ਤਰਜ਼ਮਾਨੀ ਕਰਦੀਆਂ ਸਿੱਖ ਅਜਾਇਬ ਘਰ ਦੀ ਗੈਲਰੀ 'ਚ ਲੱਗੀਆਂ ਤਸਵੀਰਾਂ ਰਾਹੀਂ ਅਨਮੋਲ ਵਿਰਸੇ ਦੇ ਇਤਿਹਾਸ ਨਾਲ ਵੀ ਜੁੜਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗੈਲਰੀ ਦੇ ਰੂਪ 'ਚ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਸੰਗਤ ਕਰਦੀ ਵਿਖਾਈ ਦਿੰਦੀ ਹੈ।
'Sikh Museum
ਸਿੱਖ ਗੈਲਰੀ 'ਚ ਲੱਗੀਆਂ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੋਂ ਇਲਾਵਾ ਰੰਗੀਨ ਚਿੱਤਰਕਾਰੀ, ਡਿਜ਼ੀਟਲ ਤਕਨੀਕ ਰਾਹੀਂ ਸਿੱਖ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਪੇਸ਼ ਕਰਕੇ ਦਰਸਾਇਆ ਗਿਆ ਹੈ। ਤਸਵੀਰਾਂ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਪ੍ਰਮਾਤਮਾ ਇਕ ਹੈ, ਗੁਰੂ ਦਾ ਸ਼ਬਦ ਅਰਥਾਤ ਗੁਰੂ ਦੀ ਬਾਣੀ ਹੀ ਗੁਰੂ ਹੈ ਅਤੇ ਗੁਰੂ ਸਾਹਿਬ ਦੇ ਫਲਸਫੇ ਨਾਲ ਜੁੜਕੇ ਹੀ ਮਨੁੱਖ ਅਸਲ ਮਾਰਗ ਦੀ ਪਹਿਚਾਣ ਕਰ ਸਕਦਾ ਹੈ।
'Sikh Museum
ਚਿੱਤਰਕਾਰੀ ਰਾਹੀਂ ਸੰਗਤਾਂ ਅੱਗੇ ਸਾਰਾ ਇਤਿਹਾਸ ਰੂਪਮਾਨ ਹੁੰਦਾ ਹੈ, ਜਿਸ ਰਾਹੀਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਸਿਰਫ ਆਪਣੇ ਆਦਰਸ਼ਾਂ ਲਈ ਹੀ ਨਹੀਂ ਸਗੋਂ ਰਾਜਸੀ ਅਤੇ ਸਮਾਜਕ ਜੁਲਮ ਦਾ ਸ਼ਿਕਾਰ ਹੁੰਦੀ ਲੁਕਾਈ ਦੇ ਲਈ ਕੁਰਬਾਨ ਹੁੰਦੇ ਰਹੇ ਹਨ। ਸਿੱਖ ਧਰਮ ਵਿਖਾਵੇ ਤੇ ਕਰਮਕਾਂਡ ਵਿਰੁੱਧ ਹੈ, ਜਾਤ-ਪਾਤ ਊਚ ਨੀਚ ਦੇ ਵਖਰੇਵਿਆਂ ਨੂੰ ਨਹੀਂ ਮੰਨਦਾ, ਜੋ ਹੋਰ ਧਰਮਾਂ ਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਪੂਰਾ ਸਤਿਕਾਰ ਕਰਦਾ ਹੈ। ਗੁਰੂ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਸਮਾਜ 'ਚ ਬਰਾਬਰ ਦਾ ਦਰਜਾ ਦਿੱਤਾ ਹੈ।
ਸਿੱਖ ਅਜਾਇਬ ਘਰ
ਗੈਲਰੀ 'ਚ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ 10 ਗੁਰੂ ਸਾਹਿਬਾਨ ਦੇ ਜੀਵਨ ਤੇ ਵਿਚਾਰਧਾਰਾ ਨੂੰ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ। ਇਤਿਹਾਸ 'ਚ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ, ਛੋਟੇ ਸਾਹਿਬਜ਼ਾਦੇ, ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਹਰੀ ਸਿੰਘ ਨਲੂਆ ਅਤੇ ਵੱਡਾ-ਛੋਟਾ ਘੱਲੂਘਾਰਾ ਅਤੇ ਮੁਗਲ ਰਾਜ ਨਾਲ ਹੋਈਆਂ ਲੜਾਈਆਂ ਦੇ ਇਤਿਹਾਸ ਨਾਲ ਜੁੜਕੇ ਸੰਗਤ ਗੁਰੂ ਮਾਰਗ ਦਾ ਪਾਂਧੀ ਬਣਦੀ ਲੋਚਦੀ ਵਿਖਾਈ ਦਿੰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ