
ਵਣ ਮਹੋਤਸਵ 2022: ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ 'ਸਾਗਵਾਨ' ਦਾ ਬੂਟਾ ਲਗਾਇਆ
ਚੰਡੀਗੜ੍ਹ,:ਵਣ ਮਹੋਤਸਵ 2022 ਦੇ ਜਸ਼ਨਾਂ ਦੇ ਹਿੱਸੇ ਵਜੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸਾਗਵਾਨ (ਟੀਕ) ਦਾ ਬੂਟਾ ਲਗਾਇਆ। ਹੈੱਡਕੁਆਰਟਰ ਵਿਖੇ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਵਣ ਮਹੋਤਸਵ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਸ਼ੁਰੂ ਕੀਤੀ ਇਸ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਾਰੇ ਪੁਲਿਸ ਜ਼ਿਲ੍ਹਿਆਂ/ਯੂਨਿਟਾਂ ਵਿੱਚ ਮੌਲਸਰੀ, ਅਮਲਤਾਸ, ਟੀਕ, ਟਰਮੀਨਲੀਆ ਅਰਜੁਨਾ ਆਦਿ ਸਮੇਤ ਵੱਖ-ਵੱਖ ਕਿਸਮਾਂ ਦੇ ਲਗਭਗ 31000 ਪੌਦੇ ਲਗਾਏ ਜਾਣਗੇ। ਇਹ ਪੌਦੇ ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਹਨ।
Celebrations of Van Mahotsav 2022
ਡੀਜੀਪੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪੌਦੇ ਲਗਾਉਣ ਦੀ ਇਸ ਵਿਆਪਕ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ 'ਰੁੱਖ ਲਗਾਓ, ਪੰਜਾਬ ਨੂੰ ਸਵਰਗ ਬਣਾਓ' ਦੇ ਨਾਅਰੇ ਤਹਿਤ 31000 ਪੌਦੇ ਲਗਾਏ ਜਾਣਗੇ। ਡੀਜੀਪੀ ਪੰਜਾਬ ਤੋਂ ਬਾਅਦ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਜਿਹਨਾਂ ਵਿੱਚ ਸ਼ਸ਼ੀ ਪ੍ਰਭਾ, ਐਸਕੇ ਅਸਥਾਨਾ, ਅਰਪਿਤ ਸ਼ੁਕਲਾ, ਰਾਮ ਸਿੰਘ, ਐਸਐਸ ਸ੍ਰੀਵਾਸਤਵ, ਨਰੇਸ਼ ਅਰੋੜਾ, ਏਐਸ ਰਾਏ, ਬੀ ਚੰਦਰ ਸੇਖਰ, ਜੀ ਨਾਗੇਸ਼ਵਰ ਰਾਓ, ਅਨੀਤਾ ਪੁੰਜ ਅਤੇ ਐਮਐਫ ਫਾਰੂਕੀ ਸ਼ਾਮਲ ਹਨ, ਨੇ ਵੀ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ।
Celebrations of Van Mahotsav 2022
ਡੀਜੀਪੀ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲ੍ਹਿਆਂ/ਯੂਨਿਟਾਂ ਵਿੱਚ ਲਗਾਏ ਗਏ ਸਾਰੇ ਰੁੱਖਾਂ ਅਤੇ ਪੌਦਿਆਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਇਸ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਲਈ ਭਲਾਈ ਵਿੰਗ ਦੇ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਜੋ ਕਿ ਹਰੇ-ਭਰੇ ਵਾਤਾਵਰਣ ਲਈ ਬਹੁਤ ਵੱਡਾ ਯੋਗਦਾਨ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ 28 ਪੁਲਿਸ ਜ਼ਿਲ੍ਹਿਆਂ ਦੇ ਸਾਰੇ ਸੀਪੀਜ਼/ਐਸਐਸਪੀਜ਼ ਤੋਂ ਇਲਾਵਾ ਰੇਲਵੇ, ਕਮਾਂਡੋ ਬਟਾਲੀਅਨ, ਪੀਏਪੀ ਬਟਾਲੀਅਨ, ਆਈਆਰਬੀ ਬਟਾਲੀਅਨ ਅਤੇ ਇੰਟੈਲੀਜੈਂਸ ਵਿੰਗ ਸਮੇਤ ਸਾਰੀਆਂ ਯੂਨਿਟਾਂ ਦੇ ਮੁਖੀਆਂ ਨੇ ਵੀ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਪੌਦੇ ਲਗਾ ਕੇ ਡੀਜੀਪੀ ਨਾਲ ਇਸ ਮੁਹਿੰਮ ਵਿੱਚ ਸ਼ਿਰਕਤ ਕੀਤੀ।