
ਰਾਹਤ ਸਮੱਗਰੀ ਲਈ ਬਣਾਏ ਡਿਸਪੈਚ ਸੈਂਟਰ ਦਾ ਨਿਰੀਖਣ
ਸੁਲਤਾਨਪੁਰ ਲੋਧੀ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਤ ਲੋਕਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਪਾਵਰਕਾਮ ਦੇ ਸੀ. ਐਮ. ਡੀ ਸ. ਬਲਦੇਵ ਸਿੰਘ ਸਰਾਂ ਵੀ ਉਨ੍ਹਾਂ ਨਾਲ ਸਨ। ਇਸ ਦੌਰਾਨ ਜਿਥੇ ਉਨਾਂ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਮੌਜੂਦਾ ਹਾਲਾਤ ਜਾਣੇ, ਉਥੇ ਮਾਰਕੀਟ ਕਮੇਟੀ ਵਿਖੇ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਵੀ ਰਵਾਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਉਥੇ ਰਾਹਤ ਸਮੱਗਰੀ ਲਈ ਬਣਾਏ ਗਏ ਡਿਸਪੈਚ ਸੈਂਟਰ ਦਾ ਨਿਰੀਖਣ ਵੀ ਕੀਤਾ।
Tript Rajinder Singh Bajwa visits flood-hit areas to review rescue-relief operations
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੰਕਟ ਦੀ ਇਸ ਘੜੀ ਵਿਚ ਸੂਬੇ ਦੇ ਲੋਕਾਂ ਦੇ ਨਾਲ ਖੜੀ ਹੈ ਅਤੇ ਉਨਾਂ ਦੀ ਹਰੇਕ ਤਰਾਂ ਦੀ ਮਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹੜ ਪ੍ਰਭਾਵਤ ਖੇਤਰਾਂ ਵਿਚ ਲੋੜੀਂਦੀ ਮਾਤਰਾ ਵਿਚ ਰਾਹਤ ਸਮੱਗਰੀ ਅਤੇ ਕੈਟਲ ਫ਼ੀਡ ਭੇਜੀ ਗਈ ਹੈ। ਇਸ ਤੋਂ ਇਲਾਵਾ ਪ੍ਰਭਾਵਤ ਖੇਤਰਾਂ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਉਨ੍ਹਾਂ ਨੂੰ ਸਬੰਧਤ ਪਿੰਡਾਂ ਵਿਚ ਤਾਇਨਾਤ ਕੀਤਾ ਗਿਆ ਹੈ, ਜੋ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮੈਡੀਕਲ, ਵੈਟਰਨਰੀ ਅਤੇ ਖੁਰਾਕ ਸਪਲਾਈ ਦੀਆਂ ਸਹੂਲਤਾਂ ਲਗਾਤਾਰ ਮੁਹਈਆ ਕਰਵਾ ਰਹੀਆਂ ਹਨ।
Tript Rajinder Singh Bajwa visits flood-hit areas to review rescue-relief operations
ਇਸੇ ਤਰ੍ਹਾਂ ਸੈਨਾ ਅਤੇ ਐਨ.ਡੀ.ਆਰ. ਐਫ਼ ਦੇ ਜਵਾਨਾਂ ਤੋਂ ਇਲਾਵਾ ਵਲੰਟੀਅਰ ਵੀ ਜੰਗੀ ਪੱਧਰ 'ਤੇ ਬਚਾਅ ਅਤੇ ਰਾਹਤ ਕਾਰਜਾਂ ਵਿਚ ਜੁੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਣੀ ਘਟਣ ਨਾਲ ਬੀਮਾਰੀਆਂ ਫ਼ੈਲਣ ਦੇ ਖਦਸ਼ੇ ਨੂੰ ਦੇਖਦਿਆਂ ਸਬੰਧਤ ਖੇਤਰਾਂ ਵਿਚ ਡਾਕਟਰਾਂ ਅਤੇ ਵੈਟਰਨਰੀ ਡਾਕਟਰਾਂ ਦੇ ਅਗਾਊਂ ਪ੍ਰਬੰਧ ਕਰ ਦਿਤੇ ਗਏ ਹਨ। ਇਸ ਮੌਕੇ ਪਾਵਰਕਾਮ ਦੇ ਸੀ. ਐਮ. ਡੀ ਸ. ਬਲਦੇਵ ਸਿੰਘ ਸਰਾਂ ਨੇ ਦਸਿਆ ਕਿ ਹੜ੍ਹਾਂ ਕਾਰਨ ਸੁਲਤਾਨਪੁਰ ਲੋਧੀ ਦੇ ਪਾਣੀ ਵਿਚ ਘਿਰੇ ਜਿਨਾਂ ਪਿੰਡਾਂ ਵਿਚ ਬਿਜਲੀ ਸਪਲਾਈ ਕੱਟੀ ਗਈ ਹੈ, ਉਨਾਂ ਵਿਚ ਮੰਡ ਇੰਦਰਪੁਰ, ਜਮਾਲੀਵਾਲ, ਮੰਨੂੰ ਮਾਛੀ ਤੋਂ ਇਲਾਵਾ 20-25 ਬੇ-ਚਿਰਾਗ ਪਿੰਡਾਂ ਡੇ ਡੇਰੇ ਜਿਵੇਂ ਕਿ ਕੁਤਬਪੁਰ, ਰਾਮਗੜ ਦਲੇਲੀ, ਮੰਡ ਅੰਦਰੀਸਾ, ਫੱਤੇਵਾਲ, ਬਕਰਕੇ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬਿਜਲੀ ਸਪਲਾਈ ਕੱਟਣ ਕਾਰਨ ਇਥੇ ਬਿਜਲੀ ਨਾਲ ਕੋਈ ਵੀ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।