
ਪੁਲਿਸ ਵਿਭਾਗ, ਟਰਾਂਸਪੋਰਟ ਵਿਭਾਗ ਅਤੇ ਸਾਰੇ ਡੀ.ਸੀਜ਼ ਨੂੰ ਨਿਰਦੇਸ਼ ਜਾਰੀ; ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ
ਚੰਡੀਗੜ੍ਹ, 25 ਅਗਸਤ: ਜਿਨ੍ਹਾਂ ਪੰਜਾਬ ਵਾਸੀਆਂ, ਟਰਾਂਸਪੋਰਟਾਂ ਜਾਂ ਹੋਰ ਸੰਸਥਾਵਾਂ ਦੇ ਡਰਾਈਵਿੰਗ ਲਾਇਸੰਸਾਂ, ਆਰ.ਸੀਜ਼ ਜਾਂ ਪਰਮਿਟਾਂ ਦੀ ਮਿਆਦ 1 ਫਰਵਰੀ, 2020 ਤੋਂ ਮੁੱਕ ਚੁੱਕੀ ਹੈ ਅਤੇ ਕੋਵਿਡ-19 ਕਾਰਨ ਉਹ ਹਾਲੇ ਤੱਕ ਇਨ੍ਹਾਂ ਨੂੰ ਰਿਨਿਊ ਨਹੀਂ ਕਰਵਾ ਸਕੇ, ਉਨ੍ਹਾਂ ਲਈ ਇਕ ਚੰਗੀ ਖਬਰ ਹੈ। ਜਿਹੜੇ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ) ਅਤੇ ਪਰਮਿਟ ਆਦਿ ਦੀ ਮਿਆਦ 1 ਫਰਵਰੀ, 2020 ਤੋਂ ਬਾਅਦ ਜਾਂ 31 ਦਸੰਬਰ, 2020 ਤੱਕ ਖਤਮ ਹੋਣੀ ਹੈ, ਨੂੰ ਹੁਣ ਮਿਤੀ 31 ਦਸੰਬਰ, 2020 ਤੱਕ ਵੈਧ ਮੰਨਿਆ ਜਾਵੇਗਾ।
Razia Sultana
ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਬਣੇ ਗੰਭੀਰ ਹਾਲਾਤਾਂ ਦੇ ਚੱਲਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵਲੋਂ ਬੀਤੇ ਕੱਲ੍ਹ ਇਸ ਸਬੰਧੀ ਤਾਜ਼ਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਮੋਟਰ ਵਾਹਨ ਐਕਟ, 1988 ਅਤੇ ਸੈਂਟਰਲ ਮੋਟਰ ਵਾਹਨ ਨਿਯਮ, 1989 ਤਹਿਤ ਬਣਾਏ ਜਾਂਦੇ ਦਸਤਾਵੇਜ਼ ਜਿਵੇਂ ਕਿ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ, ਪਰਮਿਟ ਆਦਿ ਜਿਨ੍ਹਾਂ ਦੀ ਮਿਆਦ 01 ਫਰਵਰੀ, 2020 ਤੋਂ ਬਾਅਦ ਜਾਂ 31 ਦਸੰਬਰ, 2020 ਤੱਕ ਖਤਮ ਹੋਣੀ ਹੈ, ਨੂੰ 31 ਦਸੰਬਰ, 2020 ਤੱਕ ਵੈਧ ਮੰਨਿਆ ਜਾਵੇਗਾ।
Driving license
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਬਾਰੇ ਪੱਤਰ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੰਜਾਬ ਦੇ ਡੀਜੀਪੀ ਨੂੰ ਭੇਜ ਦਿੱਤਾ ਹੈ। ਇਸ ਤੋਂ ਇਲਾਵ ਏਡੀਜੀਪੀ (ਟ੍ਰੈਫਿਕ), ਸਾਰੇ ਡਿਪਟੀ ਕਮਿਸ਼ਨਰਾਂ, ਸਾਰੇ ਐਸਐਸਪੀਜ਼ ਅਤੇ ਟਰਾਂਸਪੋਰਟ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਆਮ ਨਾਗਰਿਕਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
driving licence
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਕਤ ਹਦਾਇਤਾਂ ਦੇ ਮੱਦੇਨਜ਼ਰ ਵਾਹਨਾਂ ਦੀ ਚੈਕਿੰਗ ਦੌਰਾਨ ਜਿਨ੍ਹਾਂ ਵਿਅਕਤੀਆਂ, ਟਰਾਂਸਪੋਰਟਰਾਂ ਜਾਂ ਹੋਰ ਸੰਸਥਾਵਾਂ ਦੇ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਪਰਮਿਟ 1 ਫਰਵਰੀ, 2020 ਤੋਂ ਬਾਅਦ ਰੀਨਿਊੇ ਨਹੀਂ ਕਰਵਾਏ ਗਏ ਹਨ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂ ਕਿ ਨਵੀਆਂ ਹਦਾਇਤਾਂ ਅਨੁਸਾਰ ਅਜਿਹੇ ਦਸਤਾਵੇਜ਼ 31 ਦਸੰਬਰ, 2020 ਤੱਕ ਵੈਧ ਮੰਨੇ ਜਾਣਗੇ।