
ਲੰਗਾਹ ਨੇ ਪੰਥ 'ਚ ਵਾਪਸੀ ਲਈ ਅਕਾਲ ਤਖ਼ਤ 'ਤੇ ਮੁੜ ਫ਼ਰਿਆਦ ਕੀਤੀ
ਅੰਮ੍ਰਿਤਸਰ, 24 ਅਗੱਸਤ (ਪਰਮਿੰਦਰਜੀਤ): ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਮੁੜ ਅੰਮ੍ਰਿਤਪਾਣ ਕਰਨ ਉਪਰੰਤ ਪੰਥ ਵਿਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਇਕ ਵਾਰ ਫਿਰ ਫ਼ਰਿਆਦ ਕੀਤੀ ਹੈ। ਤਿੰਨ ਸਾਲ ਪਹਿਲਾਂ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦਾ ਖ਼ਿਮਾ ਯਾਚਨਾ ਪੱਤਰ ਅੱਜ ਉਨ੍ਹਾਂ ਦੇ ਪੁੱਤਰ ਅਤੇ ਯੂਥ ਅਕਾਲੀ ਦਲ ਦੇ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੌਂਪਿਆ ਗਿਆ। ਪੰਥ ਵਿਚ ਵਾਪਸੀ ਲਈ ਲੰਗਾਹ ਵਲੋਂ ਇਹ ਚੌਥੀ ਲਿਖਤੀ ਫ਼ਰਿਆਦ ਹੈ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਉਹ ਇੱਕ ਭੁੱਲਣਹਾਰ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਸਾਹਿਬਾਨ ਦਾ ਬਖ਼ਸਿੰਦ ਦਰ ਹੈ। ਜਿਥੇ ਚਲ ਕੇ ਸ਼ਰਨ ਆਇਆਂ ਨੂੰ ਮਾਫ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਦਾ ਪਾਲਣਾ ਕਰਨ ਪ੍ਰਤੀ ਪਾਬੰਦ ਰਹਿੰਦਿਆਂ ਜੀਵਨ ਵਿਚ ਜਾਣੇ ਅਨਜਾਣੇ ਹੋਈ ਭੁਲ ਲਈ ਮੁੜ ਖ਼ਿਮਾ ਯਾਚਨਾ ਕਰਦਾ ਹੈ ਅਤੇ ਸਿੱਖ ਪੰਥ ਵਿਚ ਮੁੜ ਸ਼ਾਮਲ ਕਰਨ ਦੀ ਨਿਮਰਤਾ ਸਹਿਤ ਫ਼ਰਿਆਦ ਕਰਦਾ ਹੈ। ਉਧਰ ਇਸ ਮਾਮਲੇ 'ਤੇ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸ਼ਲੀਲ ਵੀਡੀਉ ਮਾਮਲੇ ਤੇ ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ imageਸਾਹਿਬ ਵਲੋਂ ਕੋਈ ਮਾਫ਼ੀ ਨਹੀਂ ਹੈ। ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।