
ਮੰਤਰੀਆਂ, ਵਿਧਾਇਕਾਂ ਸਮੇਤ ਸਿਆਸੀ ਆਗੂਆਂ ਦੇ ਕਰੋਨਾ ਟੈਸਟ ਕਰਨ ਦਾ ਸਿਲਸਿਲਾ ਜਾਰੀ
ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਕੇਸਾਂ 'ਚ ਵਾਧਾ ਲਗਾਤਾਰ ਜਾਰੀ ਹੈ। ਸਰਕਾਰ ਵਲੋਂ ਵੱਡੀ ਪੱਧਰ 'ਤੇ ਟੈਸਟ ਕਰਵਾਉਣ ਤੋਂ ਇਲਾਵਾ ਵੀਐਂਡ 'ਤੇ ਪਾਬੰਦੀਆਂ ਲਗਾ ਕੇ ਮਹਾਮਾਰੀ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ। ਕਈ ਵਿਧਾਇਕਾਂ ਅਤੇ ਮੰਤਰੀਆਂ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ।
Sunder Sham Arora
ਇਸੇ ਦੌਰਾਨ ਰਾਜਪੁਰਾ ਤੋਂ ਕਾਂਗਰਸ ਦੇ ਵਿਧਾਇਕ ਹਰਦਿਆਲ ਕੰਬੋਜ਼ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਕੋਰੋਨਾ ਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ। ਮੰਤਰੀ ਸੁੰਦਰ ਸਾਮ ਅਰੋੜਾ ਨੇ ਖੁਦ ਨੂੰ ਅਪਣੇ ਚੰਡੀਗੜ੍ਹ ਸਥਿਤ ਘਰ 'ਚ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਅਪਣੇ ਸੰਪਰਕ 'ਚ ਆਏ ਲੋਕਾਂ ਨੂੰ ਅਪਣੇ ਕਰੋਨਾ ਟੈਸਟ ਕਰਵਾਉਣ ਦੇ ਨਾਲ-ਨਾਲ ਖੁਦ ਨੂੰ ਦੂਜਿਆਂ ਦੇ ਸੰਪਰਕ 'ਚ ਆਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿਤੀ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਜ਼ਰੀਏ ਸਾਂਝੀ ਕੀਤੀ ਹੈ।
Sunder Sham Arora
ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਉਹ ਹਰਿਆਣਾ ਦੇ ਭਾਜਪਾ ਵਿਧਾਇਕ ਅਸੀਮ ਗੋਇਲ ਦੇ ਸੰਪਰਕ 'ਚ ਆਏ ਸਨ ਜਿਨ੍ਹਾਂ ਦੀ ਕਰੋਨਾ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ। ਹਰਿੰਦਰਪਾਲ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਬੇਟੇ ਹਨ।
Hardial Singh Kamboj
ਇਸੇ ਦੌਰਾਨ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਸਮੇਤ ਹਰਿਆਣਾ ਵਿਧਾਨ ਸਭਾ ਨਾਲ ਸਬੰਧਤ 6 ਕਰਮਚਾਰੀਆਂ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ।
Capt Amrinder Singh
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅਪਣਾ ਕਰੋਨਾ ਟੈਸਟ ਲਈ ਸੈਂਪਲ ਦਿਤਾ ਹੈ। 28 ਅਗੱਸਤ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਮੈਂਬਰਾਂ ਦੇ ਟੈਸਟ ਲਾਜ਼ਮੀ ਕੀਤੇ ਜਾਣ ਬਾਅਦ ਵਿਧਾਇਕਾਂ ਸਮੇਤ ਕਈ ਪੱਤਰਕਾਰਾਂ ਦੇ ਵੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁੰਦਰ ਸ਼ਾਮ ਅਰੋੜ ਅਤੇ ਵਿਧਾਇਕ ਹਰਦਿਆਲ ਕੰਬੋਜ਼ ਦੀ ਕਰੋਨਾ ਰਿਪੋਰਟ ਪੌਜ਼ੇਟਿਵ ਆਉਣ ਬਾਅਦ ਟਵੀਟ ਕਰ ਕੇ ਇਨ੍ਹਾਂ ਆਗੂਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।