
ਭਾਈ ਰਣਜੀਤ ਸਿੰਘ ਢਡਰੀਆਂਵਾਲੇ ਵਿਰੁਧ ਧਾਰਮਕ ਭਾਵਨਾਵਾਂ ਭੜਕਾਉਣ ਦੇ ਦੋਸ਼ ’ਚ ਮਾਮਲਾ ਦਰਜ
ਕੋਟਕਪੂਰਾ, 24 ਅਗੱਸਤ (ਗੁਰਿੰਦਰ ਸਿੰਘ): ਇਕ ਸ਼ਿਕਾਇਤ ਦੇ ਆਧਾਰ ’ਤੇ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਵਿਰੁਧ ਧਾਰਮਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਨੂੰ ਦਿਤੇੇ ਬਿਆਨਾਂ ਵਿਚ ਹਰਭਜਨ ਸਿੰਘ ਨੇ ਦੋਸ਼ ਲਾਇਆ ਕਿ ਸਤਵਿੰਦਰ ਸਿੰਘ ਵਾਸੀ 77 ਜੀਬੀ ਏ ਨੇ ਸੋਸ਼ਲ ਮੀਡੀਏ ਰਾਹੀਂ ਲਾਈਵ ਹੋ ਕੇ ਕੈਂਚੀ ਨਾਲ ਕੇਸ ਕਤਲ ਕਰ ਕੇ ਜਿਥੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਥੇ ਇਸ ਨਾਲ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਢਾਹ ਲੱਗਣੀ ਵੀ ਸੁਭਾਵਕ ਹੈ। ਸ਼ਿਕਾਇਤਕਰਤਾ ਮੁਤਾਬਕ ਸਤਵਿੰਦਰ ਸਿੰਘ ਅਨੂਪਗੜ੍ਹ ਭਾਈ ਢਡਰੀਆਂਵਾਲੇ ਦਾ ਮੀਡੀਆ ਸਲਾਹਕਾਰ ਹੈ ਅਤੇ ਉਸ ਨੇ ਭਾਈ ਢਡਰੀਆਂ ਵਾਲੇ ਦੇ ਕਹਿਣ ’ਤੇ ਹੀ ਇਹ ਮਾੜਾ ਕੰਮ ਕੀਤਾ ਹੈ। ਥਾਣਾ ਅਨੂਪਗੜ੍ਹ ਦੀ ਪੁਲਿਸ ਨੇ ਸਤਵਿੰਦਰ ਸਿੰਘ ਅਤੇ ਭਾਈ ਢਡਰੀਆਂਵਾਲੇ ਵਿਰੁਧ ਆਈਪੀਸੀ ਦੀ ਧਾਰਾ 295/298/34 ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਫੂਲਚੰਦ ਸ਼ਰਮਾ ਨੂੰ ਮਿਲੇ ਵਫ਼ਦ ਨੇ ਬੇਨਤੀ ਕੀਤੀ ਕਿ ਸਤਵਿੰਦਰ ਸਿੰਘ ਅਤੇ ਭਾਈ ਰਣਜੀਤ ਸਿੰਘ ਨੂੰ ਤੁਰਤ ਗਿ੍ਰਫ਼ਤਾਰ ਕੀਤਾ ਜਾਵੇ। ਦੂਜੇ ਪਾਸੇ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਨੇ ਸਪੱਸ਼ਟ ਕੀਤਾ ਕਿ ਮਾਨਸਕ ਪੱਖੋਂ ਪ੍ਰੇਸ਼ਾਨ ਰਹਿਣ ਕਾਰਨ ਸਤਵਿੰਦਰ ਸਿੰਘ ਕਾਫ਼ੀ ਸਮਾਂ ਪਹਿਲਾਂ ਗੁਰਦਵਾਰਾ ਸਾਹਿਬ ਪ੍ਰਮੇਸ਼ਰ ਦੁਆਰ ਨਾਲੋਂ ਸਬੰਧ ਤੋੜ ਚੁਕਾ ਸੀ।