
ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ
ਨਵੀਂ ਦਿੱਲੀ, 24 ਅਗੱਸਤ : ਕਾਬੁਲ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਵਿੱਤਰ ਸਰੂਪਾਂ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿਰ ’ਤੇ ਰੱਖ ਕੇ ਪੂਰੇ ਸਨਮਾਨ ਨਾਲ ਦਿੱਲੀ ਏਅਰਪੋਰਟ ਤੋਂ ਬਾਹਰ ਲਿਆਂਦਾ।
ਹਰਦੀਪ ਪੁਰੀ ਨੇ ਇਸ ਦੀ ਵੀਡੀਉ ਵੀ ਅਪਣੇ ਟਵਿੱਟਰ ਅਕਾਊਂਟ ’ਤੇ ਸਾਝਾ ਕੀਤੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਵਿੱਤਰ ਸਰੂਪਾਂ ਦੀ ਸੇਵਾ ਕਰਨ ਦਾ ਬਹੁਤ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਅਤੇ ਭਾਜਪਾ ਨੇਤਾ ਆਰਪੀ ਸਿੰਘ ਇਕ-ਇਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਬਾਹਰ ਲੈ ਕੇ ਆਏ। ਇਨ੍ਹਾਂ ਸਰੂਪਾਂ ਨੂੰ ਇਥੇ ਨਿਊ ਮਹਾਵੀਰ ਨਗਰ ’ਚ ਗੁਰੂ ਅਰਜਨ ਦੇਵ ਜੀ ਗੁਰਦਵਾਰਾ ਸਾਹਿਬ ਲਿਜਾਇਆ ਜਾਵੇਗਾ। ਕਾਬੁਲ ਤੋਂ ਤਾਜਿਕਿਸਤਾਨ ਦੇ ਦੁਸ਼ਾਂਬੇ ਹੁੰਦੇ ਹੋਏ ਏਅਰ ਇੰਡੀਆ ਦੀ ਵਿਸ਼ੇਸ਼ ਉਡਾਨ ਭਾਰਤੀ ਪਹੁੰਚੀ ਅਤੇ ਇਸੇ ਜਹਾਜ਼ ਵਿਚ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਅਤੇ 44 ਅਫ਼ਗ਼ਾਨ ਸਿੱਖਾਂ ਸੇਮਤ 78 ਲੋਕਾਂ ਨੂੰ ਇਥੇ ਲਿਆਇਆ ਗਿਆ ਹੈ।
ਇਸ ਸਬੰਧੀ ਜਾਰੀ ਕੀਤੀ ਵੀਡੀਉ ਵਿਚ ਇਹ ਵੇਖਿਆ ਸਕਦਾ ਹੈ ਕਿ ਜਹਾਜ਼ ਵਿਚ ਸਵਾਰ ਸਿੱਖ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਵਾਈ ਅੱਡੇ ਤਕ ਲੈ ਕੇ ਆਏ। ਉੱਥੇ ਹੀ ਕੇਂਦਰੀ ਮੰਤਰੀਆਂ ਨੇ ਪਵਿੱਤਰ ਸਰੂਪਾਂ ਨੂੰ ਏਅਰਪੋਰਟ ਤੋਂ ਬਾਹਰ ਲਿਆਂਦਾ ਅਤੇ ਨਾਲ-ਨਾਲ ਗੁਰਬਾਣੀ ਦਾ ਜਾਪ ਵੀ ਕੀਤਾ ਗਿਆ। (ਏਜੰਸੀ)