
Punjab News:ਮੌਕੇ 'ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਕੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ
Punjab News: ਪੰਜਾਬ ਦੇ ਲੁਧਿਆਣਾ ਦੇ ਸ਼ਿਵ ਪੁਰੀ ਚੌਕ ਵਿੱਚ ਅੱਜ ਇੱਕ ਫੌਜੀ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਜੀਪ ਵਿਚ ਸਵਾਰ ਪੰਜ ਸਿਪਾਹੀ ਸੁਰੱਖਿਅਤ ਬਾਹਰ ਆ ਗਏ। ਫੌਜੀ ਜੀਪ ਦਾ ਬੰਪਰ ਅਤੇ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਕੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਮੌਕੇ ’ਤੇ ਮੌਜੂਦ ਸਾਹਿਲ ਕੁਮਾਰ ਨੇ ਦੱਸਿਆ ਕਿ ਫੌਜੀ ਗੱਡੀ ਫਿਲੌਰ ਵਾਲੇ ਪਾਸੇ ਤੋਂ ਸਿੱਧੀ ਆ ਰਹੀ ਸੀ। ਇਸੇ ਦੌਰਾਨ ਕਸ਼ਮੀਰ ਨੰਬਰ ਵਾਲਾ ਇੱਕ ਟਰੱਕ ਉਸ ਦੇ ਪਿੱਛੇ ਆ ਰਿਹਾ ਸੀ। ਅਚਾਨਕ ਟਰੱਕ ਡਰਾਈਵਰ ਨੇ ਤੇਜ਼ ਰਫਤਾਰ ਨਾਲ ਫੌਜੀ ਜੀਪ ਨੂੰ ਸਾਈਡ ਮਾਰ ਦਿੱਤੀ। ਸਾਈਡ ਇਫੈਕਟ ਕਾਰਨ ਜੀਪ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਸਿਪਾਹੀ ਸੁਰੱਖਿਅਤ ਬਾਹਰ ਆ ਗਏ ਸਨ। ਟਰੱਕ ਡਰਾਈਵਰ ਮੁਤਾਬਕ ਇਹ ਹਾਦਸਾ ਇਸ ਲਈ ਵਾਪਰਿਆ ਕਿਉਂਕਿ ਫੌਜੀ ਗੱਡੀ ਗਲਤ ਸਾਈਡ ਤੋਂ ਆ ਰਹੀ ਸੀ।
ਥਾਣਾ ਬਸਤੀ ਜੋਧੇਵਾਲ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਜ਼ਰੂਰ ਵਾਪਰਿਆ ਹੈ ਪਰ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਘਟਨਾ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਟਰੱਕ ਸ਼੍ਰੀਨਗਰ ਤੋਂ ਦਿੱਲੀ ਜਾ ਰਿਹਾ ਸੀ।