
Malout News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਪਾਣੀ ਖੜ੍ਹਨ ਵਾਲੀ ਖ਼ਬਰ ਬੇਬੁਨਿਆਦ, ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ
Malout News in Punjabi : ਹਾਲ ਹੀ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ’ਤੇ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮੀਂਹ ਤੋਂ ਬਾਅਦ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਅਤੇ ਮੌਕੇ ‘ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸਦੇ ਢੁੱਕਵੇਂ ਹੱਲ ਲਈ ਹਦਾਇਤਾਂ ਵੀ ਜਾਰੀ ਕੀਤੀਆਂ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮਲੋਟ ਹਲਕੇ ਵਿੱਚ ਸੀਵਰੇਜ ਵਿਵਸਥਾ ਨੂੰ ਸੁਧਾਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦ ਮਲੋਟ ਵਾਸੀਆਂ ਨੂੰ ਇਸ ਸਮੱਸਿਆ ਤੋਂ ਪੱਕੀ ਨਿਜ਼ਾਤ ਦਵਾਏਗੀ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਜਾਇਜ਼ੇ ਦੌਰਾਨ ਕਿਸੇ ਹਲਕਾ ਵਾਸੀ ਦੇ ਘਰ ਅੱਗੇ ਪਾਣੀ ਖੜ੍ਹਾ ਹੋਣ ‘ਤੇ ਸਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਤੁਰੰਤ ਸੀਵਰੇਜ਼ ਵਿਵਸਥਾ ਨੂੰ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਇਸ ਖ਼ਬਰ ਨੂੰ ਕੁਝ ਮੀਡੀਆ ਅਦਾਰਿਆਂ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਪਾਣੀ ਖੜ੍ਹਨ ਦੀ ਸਮੱਸਿਆ ਬਣਾ ਕੇ ਚਲਾਇਆ ਗਿਆ ਹੈ ਜੋ ਕਿ ਬਿਲਕੁੱਲ ਬੇਬੁਨਿਆਦ ਹੈ।
ਇਸ ਮੌਕੇ ਇੱਕ ਸਰਕਾਰੀ ਬੁਲਾਰੇ ਨੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸੁਚੇਤ ਕੀਤਾ ਅਤੇ ਦੱਸਿਆ ਕਿ ਝੂਠੀਆਂ ਅਤੇ ਬੇਬੁਨਿਆਦ ਖ਼ਬਰਾਂ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
(For more news apart from Cabinet Minister Dr. Baljit Kaur issues instructions to improve sewage system Malout city News in Punjabi, stay tuned to Rozana Spokesman)