
ਅਮਰੀਕਾ ਵਿਚ ਪ੍ਰਵਾਸੀ ਟਰੱਕ ਡਰਾਈਵਰਾਂ ਉਤੇ ਰੋਕ ਲਾਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ
ਚੰਡੀਗੜ੍ਹ : ਬਰਤਾਨੀਆਂ ’ਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਹਾਲ ਹੀ ਵਿਚ ਪੰਜਾਬ ਦੌਰੇ ਦੌਰਾਨ ਐਨ.ਆਰ.ਆਈ. ਮਸਲਿਆਂ ਉਤੇ ਗੰਭੀਰ ਚਰਚਾ ਕੀਤੀ। ਉਹ ਅਪਣੀ ਨਿੱਜੀ ਫੇਰੀ ਉਤੇ ਪਰਵਾਰ ਸਮੇਤ ਪੰਜਾਬ ਆਏ ਸਨ, ਪਰ ਇਸ ਦੌਰੇ ਨੂੰ ਸਿਰਫ ਨਿੱਜੀ ਨਹੀਂ, ਸਾਂਝੀ ਜ਼ਿੰਮੇਵਾਰੀ ਦੇ ਤੌਰ ਉਤੇ ਵੀ ਲਿਆ।
ਉਨ੍ਹਾਂ ਨੇ ਪੰਜਾਬ ਸਰਕਾਰ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰ ਕੇ ਵਿਦੇਸ਼ ਵਸਦੇ ਪੰਜਾਬੀਆਂ ਦੀਆਂ ਮੁੱਖ ਚੁਨੌਤੀਆਂ ਉਤੇ ਗੱਲਬਾਤ ਕੀਤੀ। ਢੇਸੀ ਨੇ ਜ਼ਮੀਨੀ ਝਗੜਿਆਂ, ਨਜਾਇਜ਼ ਕਬਜ਼ਿਆਂ, ਫਿਰੌਤੀ ਦੀਆਂ ਘਟਨਾਵਾਂ ਅਤੇ ਇਨਸਾਫ ਦੀ ਉਮੀਦ ਉਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਐਨ.ਆਰ.ਆਈ. ਕੋਰਟਾਂ ਅਤੇ ਥਾਣਿਆਂ ਦੀ ਲੋੜ ਉਤੇ ਜ਼ੋਰ ਦਿਤਾ, ਖਾਸ ਕਰ ਕੇ ਉਨ੍ਹਾਂ ਜ਼ਿਲ੍ਹਿਆਂ ਵਿਚ ਜਿੱਥੇ ਐਨ.ਆਰ.ਆਈ. ਦੀ ਗਿਣਤੀ ਵੱਧ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਐਨ.ਆਰ.ਆਈ.ਜ਼ ਨੂੰ ਇਨਸਾਫ ਮਿਲੇ, ਤਾਂ ਉਹ ਹੋਰ ਲੋਕਾਂ ਨੂੰ ਵੀ ਇੱਥੇ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੇ, ਜਿਸ ਨਾਲ ਰੁਜ਼ਗਾਰ ਅਤੇ ਵਪਾਰ ਵਧੇਗਾ। ਢੇਸੀ ਨੇ ‘ਵਨ ਵਿੰਡੋ’ ਨੀਤੀ ਦੀ ਮੰਗ ਕੀਤੀ, ਤਾਂ ਜੋ ਐਨ.ਆਰ.ਆਈ.ਜ਼ ਲਈ ਕਾਰੋਬਾਰੀ ਕਾਰਵਾਈਆਂ ਸੌਖੀਆਂ ਬਣ ਸਕਣ।
ਹਵਾਈ ਸੇਵਾਵਾਂ ਉਤੇ ਵੀ ਉਨ੍ਹਾਂ ਨੇ ਚਰਚਾ ਕੀਤੀ, ਜਿੱਥੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਸਿੱਧੀਆਂ ਉਡਾਨਾਂ ਦੀ ਲੋੜ ਉਤੇ ਜ਼ੋਰ ਦਿਤਾ। ਉਨ੍ਹਾਂ ਨੇ ਅੰਮ੍ਰਿਤਸਰ ਇੰਟਰਨੈਸ਼ਨਲ ਕਾਰਗੋ ਪੋਰਟ ਨੂੰ ਦੁਬਾਰਾ ਚਾਲੂ ਕਰਨ ਅਤੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਮੰਗ ਕੀਤੀ, ਜਿਸ ਨਾਲ ਭਾਈਚਾਰਕ ਸਾਂਝ ਅਤੇ ਵਪਾਰ ਦੋਹਾਂ ਨੂੰ ਹੱਲਾਸ਼ੇਰੀ ਮਿਲ ਸਕੇ।
ਸਿਆਸੀ ਕੈਦੀਆਂ ਦੀ ਰਿਹਾਈ, ਜਗਤਾਰ ਸਿੰਘ ਜੌਹਲ ਦੇ ਮਾਮਲੇ ਅਤੇ ਵਿਦੇਸ਼ਾਂ ਵਿਚ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਉਤੇ ਵੀ ਢੇਸੀ ਨੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਛੇਤੀ ਤੋਂ ਛੇਤੀ ਨਿਪਟਾਇਆ ਜਾਵੇ।
ਉਨ੍ਹਾਂ ਨੇ ਵਿਦੇਸ਼ੀ ਏਜੰਟਾਂ ਵਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਅਤੇ ਨਕਲੀ ਕਾਲਜਾਂ ਦੇ ਚਲਣ ਉਤੇ ਵੀ ਚੇਤਾਵਨੀ ਦਿਤੀ। ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵਲੋਂ ਗ਼ਲਤ ਯੂ-ਟਰਨ ਕਾਰਨ ਹੋਏ ਹਾਦਸੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਅਮਰੀਕਾ ਵਿਚ ਪਰਵਾਸੀ ਟਰੱਕ ਡਰਾਈਵਰਾਂ ਉਤੇ ਲਗਾਈ ਪਾਬੰਦੀ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਇੱਕ ਹਾਦਸੇ ਲਈ ਐਨਾ ਵੱਡਾ ਫੈਸਲਾ ਲੈਣਾ ਸਹੀ ਨਹੀਂ ਹੈ।
ਆਖ਼ਰ ’ਚ, ਢੇਸੀ ਨੇ ਪੰਜਾਬ ਦੀ ਤਰੱਕੀ, ਪੰਜਾਬੀਅਤ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਅਪਣੀ ਦਿਲੀ ਇੱਛਾ ਪ੍ਰਗਟਾਈ। ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਅਪਣੀ ਚੁਣੀ ਹੋਈ ਸਰਕਾਰ ਅਤੇ ਨੁਮਾਇੰਦਿਆਂ ਉਤੇ ਪਰਖ ਕਰਨੀ ਚਾਹੀਦੀ ਹੈ, ਤਾਂ ਜੋ ਪੰਜਾਬ ਵਧੀਆ ਰਸਤੇ ਉਤੇ ਤੁਰ ਸਕੇ।